ਨਿੱਜੀ ਪੱਤਰ ਪ੍ਰੇਰਕ
ਮਲੋਟ, 4 ਅਗਸਤ
ਲੋੜਵੰਦਾਂ ਨੂੰ ਉਨ੍ਹਾਂ ਦਾ ਬਣਦਾ ਰਾਸ਼ਨ ਦਿਵਾਉਣ ਅਤੇ ਖੱਜਲ-ਖੁਆਰੀ ਤੋਂ ਬਚਾਉਣ ਲਈ ਜਦ ‘ਆਪ’ ਦੇ ਮੁਅੱਤਲ ਸ਼ਹਿਰੀ ਬਲਾਕ ਪ੍ਰਧਾਨ ਰਾਜੀਵ ਉੱਪਲ, ਬਲਾਕ ਜਨਰਲ ਸਕੱਤਰ ਸਾਹਿਲ ਮੋਂਗਾ ਤੇ ਹੋਰ ਕੈਂਪ ਏਰੀਏ ’ਚ ਸਥਿਤ ਰਮੇਸ਼ ਕੁਮਾਰ ਪੱਤਰ ਦੇਸ਼ ਰਾਜ ਨਾਮੀਂ ਡਿੱਪੂ ਹੋਲਡਰ ਦੇ ਡਿੱਪੂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਡਿੱਪੂ ਹੋਲਡਰ ਦੇ ਕੰਮ ਵਿਚ ਵਿਘਨ ਪਾਉਣ ਦੇ ਬਦਲੇ ਮਲੋਟ ਪੁਲੀਸ ਵੱਲੋਂ ਕੇਵਲ ਥਾਣੇ ਹੀ ਨਹੀਂ ਡੱਕਿਆ ਗਿਆ, ਸਗੋਂ ਅਗਲੇ ਦਿਨ ਦੁਪਿਹਰ ਤੱਕ ਉਨ੍ਹਾਂ ਨੂੰ ਹਵਾਲਾਤ ਵਿੱਚ ਹੀ ਬੰਦ ਰੱਖਿਆ। ਓਧਰ ਥਾਣੇ ਦੇ ਬਾਹਰ ਇਕੱਤਰ ਹੋਏ ਸ਼ਹਿਰ ਦੇ ਇਨਸਾਫਪਸੰਦ ਵਿਅਕਤੀਆਂ ਸ਼ਤੀਸ਼ ਕੁਮਾਰ ਉਰਫ ਬਿੱਟੂ ਡਾਵਰ, ਬਲਰਾਜ ਸਿੰਘ, ਵਰਿੰਦਰ ਕੁਮਾਰ, ਕੁਲਵਿੰਦਰ ਸਿੰਘ, ਦੇਵ ਰਾਜ ਗੁਪਤਾ, ਦੀਪਕ ਕੁਮਾਰ ਅਤੇ ਟਹਿਲ ਸਿੰਘ ਆਦਿ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਸਿਰੇ ਤੋਂ ਗੈਰ ਸੰਵਿਧਾਨਕ ਤੇ ਇੱਕਪਾਸੜ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਹੈ। ਮੁਅੱਤਲ ‘ਆਪ’ ਆਗੂਆਂ ਨੇ ਦੱਸਿਆ ਕਿ ਡਿੱਪੂ ਹੋਲਡਰ ਦੀ ਕਿਸੇ ਹੋਰ ਵਿਅਕਤੀ ਨਾਲ ਤਲਖ਼-ਕਲਾਮੀਂ ਹੋਈ ਸੀ, ਉਨ੍ਹਾਂ ਨਾਲ ਨਹੀਂ, ਪਰ ਪੁਲੀਸ ਨੇ ਉਸ ਵਿਅਕਤੀ ’ਤੇ ਕਾਰਵਾਈ ਅਮਲ ’ਚ ਲਿਆਉਣ ਦੀ ਬਜਾਏ, ਉਲਟਾ ਉਨ੍ਹਾਂ ’ਤੇ ਹੀ ਕਾਰਵਾਈ ਕਰ ਦਿੱਤੀ, ਜਦਕਿ ਉਨ੍ਹਾਂ ਤਿੰਨਾਂ ’ਚੋਂ ਇਕ ਵਿਅਕਤੀ ਗੁਰਮੇਲ ਸਿੰਘ ਤਾਂ ਮੌਕੇ ’ਤੇ ਵੀ ਨਹੀਂ ਸੀ। ਓਧਰ ਡਿੱਪੂ ਹੋਲਡਰ ਰਕੇਸ਼ ਕੁਮਾਰ ਨੇ ਦੱਸਿਆ ਕਿ ਇਸ ਵਾਰ ਕੋਟਾ ਘਟਣ ਕਰਕੇ ਲੋਕਾਂ ਨੂੰ ਦਿੱਕਤ ਆਈ ਹੈ।