ਜਸਵੰਤ ਜੱਸ
ਫਰੀਦਕੋਟ, 5 ਮਾਰਚ
ਫ਼ਰੀਦਕੋਟ ਵਿਧਾਨ ਸਭਾ ਹਲਕੇ ਦੀਆਂ ਈਵੀਐੱਮ ਮਸ਼ੀਨਾਂ ਵਾਲੇ ਸਟਰਾਂਗ ਰੂਮ ਦੀ ਨਿਗਰਾਨੀ ਲਈ ਲੱਗੇ ਕੁਝ ਸੀਸੀਟੀਵੀ ਕੈਮਰਿਆਂ ਦੇ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਬ੍ਰਿਜਿੰਦਰਾ ਕਾਲਜ ਵਿੱਚ ਬਣੇ ਸਟਰਾਂਗ ਰੂਮ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਇਹ ਸੀਸੀਟੀਵੀ ਕੈਮਰੇ ਅੱਜ ਇਕ ਘੰਟੇ ਤੋਂ ਵੀ ਵੱਧ ਸਮਾਂ ਬੰਦ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਤੁਰੰਤ ਜ਼ਿਲ੍ਹਾ ਚੋਣ ਅਫ਼ਸਰ ਨੂੰ ਕੀਤੀ ਹੈ। ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਨੇ ਕਿਹਾ ਕਿ ਸਟਰੌਂਗ ਰੂਮ ਦੀ ਪੂਰੀ ਚੌਕਸੀ ਨਾਲ ਰਾਖੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲੀਸ ਤੋਂ ਇਲਾਵਾ ਅਰਧ ਸੁਰੱਖਿਆ ਬਲ ਵੀ ਸਟਰੌਂਗ ਰੂਮ ਦੇ ਆਸ-ਪਾਸ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਕ ਦੋ ਕੈਮਰਿਆਂ ਦੇ ਬੰਦ ਹੋਣ ਦੀ ਸ਼ਿਕਾਇਤ ਆਈ ਸੀ ਪਰ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਸਾਰੇ ਕੈਮਰੇ ਠੀਕ ਠਾਕ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਈਵੀਐਮ ਮਸ਼ੀਨਾਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਹਨ ਅਤੇ ਕਿਸੇ ਵੀ ਪੱਧਰ ’ਤੇ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ। ਗੁਰਦਿੱਤ ਸਿੰਘ ਸੇਖੋਂ, ਅਮਨਦੀਪ ਸਿੰਘ ਅਤੇ ਹਰਵਿੰਦਰ ਸਿੰਘ ਹੈਪੀ ਬਰਾੜ ਨੇ ਕਿਹਾ ਕਿ ਉਹ ਸਟਰਾਂਗ ਰੂਮ ਤੋਂ ਕੁਝ ਦੂਰੀ ’ਤੇ ਨਿਗਰਾਨੀ ਲਈ ਆਪਣਾ ਟੈਂਟ ਸਥਾਪਤ ਕਰਨਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦਾ ਅਚਾਨਕ ਬੰਦ ਹੋਣਾ ਫਿਕਰ ਵਾਲੀ ਗੱਲ ਹੈ।