ਰਾਜਿੰਦਰ ਵਰਮਾ
ਭਦੌੜ, 6 ਫਰਵਰੀ
ਲੁਧਿਆਣਾ ਵਿਖੇ ਅੱਜ ਜਦੋਂ ਹਲਕਾ ਭਦੌੜ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਤਾਂ ਭਦੌੜ ਵਿਖੇ ਵਰਚੂਅਲ ਰੈਲੀ ਦਾ ਸਿੱਧਾ ਪ੍ਰਸਾਰਣ ਦੇਖ ਰਹੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣ ਇੰਚਾਰਜ ਸੁਸ਼ੀਲ ਬਾਂਸਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸ੍ਰੀ ਚੰਨੀ ਦੇ 111 ਦਿਨਾਂ ਵਿੱਚ ਸੱਚਾਈ ’ਤੇ ਪਹਿਰਾ ਦੇ ਕੇ ਕੀਤੇ ਕੰਮਾਂ ਉੱਪਰ ਮੋਹਰ ਲਗਾਈ ਹੈ ਜਿਸ ਨੂੰ ਭਦੌੜ ਹਲਕੇ ਦੇ ਲੋਕ ਵੱਡੀ ਜਿੱਤ ਦਿਵਾ ਕੇ ਦੁਬਾਰਾ ਮੁੱਖ ਮੰਤਰੀ ਬਣਨ ਦਾ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਭਦੌੜ ਵਾਸੀਆਂ ਨੂੰ ਇਹ ਮੌਕਾ ਨਹੀਂ ਖੁੰਝਾਉਣਾ ਚਾਹੀਦਾ। ਹੁਣ ਭਦੌੜ ਹਲਕੇ ਦੇ ਵੋਟਰਾਂ ਦੀ ਇੱਕ-ਇੱਕ ਵੋਟ ਸਿੱਧਾ ਮੁੱਖ ਮੰਤਰੀ ਬਣਾਏਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਖੋ, ਮੈਡਮ ਰਾਧਿਕਾ ਚੋਧਰੀ, ਮੁਨੀਸ਼ ਗਰਗ, ਰਾਜਿੰਦਰ ਕੌਰ ਮੀਮਸਾ, ਵਿਜੇ ਕੁਮਾਰ ਗਰਗ, ਰੀਸ਼ੂ ਸਿੰਗਲਾ, ਦੀਪਕ ਬਜਾਜ, ਅਜੇ ਕੁਮਾਰ, ਰਾਜਬੀਰ ਸਿੰਗਲਾ, ਅਸੌਕ ਵਰਮਾ, ਇੰਦਰਜੀਤ ਸਿੰਘ ਭਿੰਦਾ, ਐਡਵੋਕੇਟ ਇਕਬਾਲ ਸਿੰਘ, ਮੁਨੀਸ਼ ਮਿੱਤਲ ਆਦਿ ਹਾਜ਼ਰ ਸਨ।
ਫ਼ਰੀਦਕੋਟ (ਜਸਵੰਤ ਜੱਸ): ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਕਾਂਗਰਸ ਪਾਰਟੀ ਨੇ ਇੱਥੇ ਜਸ਼ਨ ਮਨਾਇਆ। ਤਾਜ ਪੈਲੇਸ ਵਿੱਚ ਕਾਂਗਰਸੀ ਵਰਕਰਾਂ ਨੇ ਪਹਿਲਾਂ ਰਾਹੁਲ ਗਾਂਧੀ ਦੀ ਰੈਲੀ ਵਿਚ ਸ਼ਮੂਲੀਅਤ ਕੀਤੀ ਅਤੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਇਸ ਸਾਰੇ ਸਮਾਗਮ ਦੀ ਅਗਵਾਈ ਕਾਂਗਰਸ ਦੇ ਐਸਸੀ ਵਿੰਗ ਵੱਲੋਂ ਕੀਤੀ ਗਈ। ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਨਾਲ ਕਾਂਗਰਸੀ ਵਰਕਰਾਂ ’ਚ ਨਵਾਂ ਜੋਸ਼ ਪੈਦਾ ਹੋਇਆ ਹੈ ਜਿਸ ਦਾ ਉਨ੍ਹਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਵੱਡਾ ਫਾਇਦਾ ਹੋਵੇਗਾ। ਚੰਨੀ ਦੇ ਚਿਹਰੇ ਦਾ ਫਾਇਦਾ ਲੈਣ ਲਈ ਕਾਂਗਰਸ ਪਾਰਟੀ ਨੇ ਰਾਤ ਨੂੰ ਦਲਿਤ ਆਬਾਦੀ ਵਾਲੀਆਂ ਬਸਤੀਆਂ ਵਿੱਚ ਦੀਪਮਾਲਾ ਕਰਨ ਅਤੇ ਪਟਾਕੇ ਚਲਾਉਣ ਦੀ ਵੀ ਵੱਡੀ ਪੱਧਰ ’ਤੇ ਵਿਉਂਤਬੰਦੀ ਕੀਤੀ ਹੋਈ ਹੈ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਵਿੱਚ ਖੀਵੇ ਹੁੰਦਿਆਂ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਜਸ਼ਨ ਮਨਾਏ। ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ, ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਸਮੇਤ ਹੋਰ ਆਗੂ ਤੇ ਵਰਕਰਾਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕੀਤੇ ਜਾਣ ’ਤੇ ਨਾਅਰੇ ਲਗਾਏ ਤੇ ਪਟਾਕੇ ਚਲਾਉਂਦਿਆਂ ਖੁਸ਼ੀ ਮਨਾਈ। ਇਸ ਮੌਕੇ ਖੁਸ਼ਬਾਜ਼ ਸਿੰਘ ਜਟਾਣਾ ਅਤੇ ਬਲਬੀਰ ਸਿੰਘ ਸਿੱਧੂ ਨੇ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਰਣਜੀਤ ਸੰਧੂ, ਬਲਾਕ ਪ੍ਰਧਾਨ ਦਿਲਪ੍ਰੀਤ ਸਿੰਘ ਜਗਾ, ਸਾਬਕਾ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਸਰਪੰਚ ਰਾਜਵਿੰਦਰ ਸਿੰਘ ਤਿਉਣਾ ਆਦਿ ਆਗੂ ਤੇ ਵਰਕਰ ਸ਼ਾਮਲ ਸਨ।
‘ਕਾਂਗਰਸ ਨੇ ਐੱਸਸੀ ਭਾਈਚਾਰੇ ਨੂੰ ਮਾਣ ਦਿੱਤਾ’
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਵਰਚੂਅਲ ਰੈਲੀ ਦੇਖਣ ਲਈ ਹਲਕੇ ਦੇ ਪਿੰਡ ਗੁਰੂਸਰ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਪ੍ਰਬੰਧ ਕੀਤਾ ਗਿਆ ਸੀ। ਜਿਵੇਂ ਹੀ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਪੰਡਾਲ ਵਿੱਚ ਹਾਜ਼ਰ ਲੋਕਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਖੁਸ਼ੀ ਦੀ ਇਜ਼ਹਾਰ ਕੀਤਾ ਅਤੇ ਘਰ-ਘਰ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ ਦੀਆਂ ਬੋਲੀਆਂ ਪਾ ਕੇ ਖੂਬ ਸਮਾਂ ਬੰਨ੍ਹਿਆ। ਸਮੂਹ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਐਸ.ਸੀ. ਭਾਈਚਾਰੇ ਦੇ ਆਗੂ ਦਾ ਨਾਮ ਮੁੱਖ ਮੰਤਰੀ ਲਈ ਐਲਾਨ ਕੇ ਸਮੂਹ ਐਸ.ਸੀ. ਭਾਈਚਾਰੇ ਨੂੰ ਮਾਣ ਬਖਸ਼ਿਆ ਹੈ ਅਤੇ ਅਜਿਹਾ ਮਾਣ ਉਨ੍ਹਾਂ ਨੂੰ ਅੱਜ ਤੱਕ ਕਿਸੇ ਹੋਰ ਪਾਰਟੀ ਨੇ ਨਹੀਂ ਦਿੱਤਾ, ਜਿੰਨਾਂ ਕਾਂਗਰਸ ਨੇ ਦਿੱਤਾ ਹੈ।