ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 25 ਜੁਲਾਈ
ਕੋਟ ਈਸੇ ਖਾਂ ਨਗਰ ਪੰਚਾਇਤ ’ਤੇ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਮੌਜੂਦਗੀ ਵਿੱਚ ਨਗਰ ਪੰਚਾਇਤ ਦੇ ਸਮੁੱਚੇ ਕੌਂਸਲਰਾਂ ਨੇ ਸਰਬਸੰਮਤੀ ਨਾਲ ‘ਆਪ’ ਆਗੂ ਪ੍ਰਕਾਸ਼ ਸਿੰਘ ਰਾਜਪੂਤ ਦੀ ਪਤਨੀ ਛਿੰਦਰਪਾਲ ਕੌਰ ਰਾਜਪੂਤ ਨੂੰ ਪ੍ਰਧਾਨ ਚੁਣ ਲਿਆ।
ਇਸ ਤੋਂ ਪਹਿਲਾਂ ਇਸ ਨਗਰ ਪੰਚਾਇਤ ’ਤੇ ਕਾਂਗਰਸ ਪਾਰਟੀ ਦਾ ਕਬਜ਼ਾ ਸੀ ਅਤੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਦੇ ਕੱਟੜ ਸਮਰਥਕ ਕੁਲਦੀਪ ਸਿੰਘ ਰਾਜਪੂਤ ਨਗਰ ਪੰਚਾਇਤ ਦੇ ਪ੍ਰਧਾਨ ਸਨ। ਸਰਕਾਰ ਦੇ ਬਦਲਣ ਤੋਂ ਬਾਅਦ ਨਗਰ ਪੰਚਾਇਤ ਦੇ ਲਗਪਗ ਸਾਰੇ ਹੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਇਸ ਚੋਣ ਪ੍ਰਕਿਰਿਆ ਨੂੰ ਧਰਮਕੋਟ ਦੇ ਤਹਿਸੀਲਦਾਰ ਰੇਸ਼ਮ ਸਿੰਘ ਅਤੇ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਇਆ।
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਮੁੱਚੇ ਕੌਂਸਲਰਾਂ ਨੇ ਬੀਬੀ ਛਿੰਦਰਪਾਲ ਕੌਰ ਰਾਜਪੂਤ ਨੂੰ ਪ੍ਰਧਾਨ ਬਣਾਉਣ ਦੇ ਨਾਂ ਨੂੰ ਸਰਬਸੰਮਤੀ ਨਾਲ ਸਹਿਮਤੀ ਦਿੱਤੀ। ਇਸ ਮੌਕੇ ਕੌਂਸਲਰ ਸੁਮਿਤ ਮਲਹੋਤਰਾ ਬਿੱਟੂ, ਸੁੱਚਾ ਸਿੰਘ ਪੁਰਬਾ, ਪ੍ਰਦੀਪ ਪਲਤਾ, ਗੁਰਪ੍ਰੀਤ ਸਿੰਘ ਸਿੱੱਧੂ, ਬੱਗੜ ਸਿੰਘ, ਛਿੰਦਰ ਕੌਰ, ਗੁਰਵੀਰ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ੇ ਕਿਹਾ ਕਿ ਕੋਟ ਈਸੇ ਖਾਂ ਨਗਰ ਪੰਚਾਇਤ ਦਾ ਆਪ ਦੀ ਪਹਿਲੀ ਨਗਰ ਪੰਚਾਇਤ ਬਣਨਾ ਵੱਡੀ ਖੁਸ਼ੀ ਦੀ ਗੱਲ ਹੈ।