ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 27 ਅਕਤੂਬਰ
ਇਥੇ ਬਾਘਾਪੁਰਾਣਾ ਰੋਡ ’ਤੇ ਪਿੰਡ ਮਾਣੂਕੇ ਵਿੱਚ ਸਵਿਫ਼ਟ ਕਾਰ ਦੀ ਸਾਈਕਲ ਰੇਹੜੀ ਨਾਲ ਟੱਕਰ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਪਲਟੀਆਂ ਖਾਂਦੀ ਹੋਈ ਸਕੂਲ ਦੀ ਕੰਧ ਉੱਤੇ ਜਾ ਚੜ੍ਹੀ। ਨਿਹਾਲ ਸਿੰਘ ਵਾਲਾ ਪਾਸਿਓਂ ਆ ਰਹੀ ਸਵਿਫ਼ਟ ਕਾਰ ਚਾਲਕ ਨੇ ਸਾਹਮਣਿਓਂ ਆਈ ਸਾਈਕਲ ਰੇਹੜੀ ਨੂੰ ਬਚਾਉਣ ਲਈ, ਜਦੋਂ ਕੱਟ ਮਾਰਿਆ ਤਾਂ ਕਾਰ ਪਲਟੀਆਂ ਖਾ ਕੇ ਸਕੂਲ ਦੀ ਕੰਧ ‘ਤੇ ਜਾ ਚੜ੍ਹੀ ਅਤੇ ਦਰੱਖ਼ਤ ਵਿਚਕਾਰ ਫਸ ਗਈ। ਇਸ ਟੱਕਰ ਵਿਚ ਕਾਰ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜੋ ਬਰਨਾਲਾ ਦੇ ਠੀਕਰੀਵਾਲ ਦੇ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਰੇਹੜੀ ਚਾਲਕ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ। ਡੀਐੱਸਪੀ ਮਨਜੀਤ ਸਿੰਘ ਢੇਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸਐੱਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੋਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।