ਸਿਮਰਤ ਪਾਲ ਸਿੰਘ
ਜੰਡਿਆਲਾ ਗੁਰੂ, 27 ਅਪਰੈਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਵੇਲੇ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਸਨ ਕਿ ਸਰਕਾਰ ਬਣਨ ਉਪਰੰਤ ਦਿੱਲੀ ਦੀ ਤਰਜ਼ ਉਪਰ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਆਧੁਨਿਕ ਸੁਵਿਧਾਵਾਂ ਨਾਲ ਸਕੂਲ ਲੈਸ ਕੀਤੇ ਜਾਣਗੇ। ਇਨ੍ਹਾਂ ਵਾਅਦਿਆਂ ਨੂੰ ਪੂਰੇ ਹੋਣ ਲਈ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਦੇ ਵਾਸੀ ਤੇ ਪਿੰਡ ਦੇ 4 ਸਰਕਾਰੀ ਸਕੂਲ ਉਡੀਕ ਵਿੱਚ ਹਨ। ਇਨ੍ਹਾਂ ਸਕੂਲਾਂ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਬੰਡਾਲਾ ਵਾਸੀ ਭੁਪਿੰਦਰ ਸਿੰਘ, ਲਵਜੀਤ ਸਿੰਘ ਤੇ ਜਗਤਾਰ ਸਿੰਘ ਨੇ ਕਿਹਾ ਕਿ ਇੱਥੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ ਇੱਕ ਦੇ ਮੁੱਖ ਗੇਟ ਦੇ ਸਾਹਮਣੇ ਅਤੇ ਸਕੂਲ ਦੀ ਕੰਧ ਦੇ ਨਾਲ ਵੱਡੇ ਗੰਦਗੀ ਦੇ ਢੇਰ ਹਮੇਸ਼ਾ ਲੱਗੇ ਰਹਿੰਦੇ ਹਨ ਅਤੇ ਸਕੂਲ ਦੇ ਸਾਹਮਣੇ ਹਮੇਸ਼ਾ ਕੂੜਾ ਕਰਕਟ ਖਿਲਰਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਬਣਿਆ ਪ੍ਰਾਇਮਰੀ ਸਕੂਲ ਦੇ ਨਾਲ ਲਿੰਕ ਸੜਕ ਲੰਘਦੀ ਹੈ, ਜਿਸ ਉੱਪਰ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਇਸੇ ਤਰ੍ਹਾਂ ਸਰਕਾਰੀ ਸਮਾਰਟ ਸਕੂਲ ਦੀ ਪਿਛਲੀ ਕੰਧ ਦੇ ਨਾਲ ਹਾਕੀ ਦੇ ਗਰਾਊਂਡ ਵਿੱਚ ਛੱਪੜ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਭਰਿਆ ਰਹਿੰਦਾ ਹੈ ਅਤੇ ਇਹ ਗਰਾਊਂਡ ਵੀ ਛੱਪੜ ਦਾ ਹਿੱਸਾ ਬਣ ਚੁੱਕਾ ਹੈ। ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਿੰਡ ਬੰਡਾਲਾ ਦੇ ਸਕੂਲਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਸਕੂਲ ਨੂੰ ਮਿਲੀਆਂ ਸਹੂਲਤਾਂ ਦਾ ਸਹੀ ਤਰੀਕੇ ਨਾਲ ਪਿੰਡ ਦੇ ਬੱਚੇ ਫ਼ਾਇਦਾ ਲੈ ਸਕਣ।