ਲਖਨਪਾਲ ਸਿੰਘ
ਮਜੀਠਾ, 18 ਮਈ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਪ੍ਰਧਾਨ ਮੁਖਤਾਰ ਸਿੰਘ ਭੰਗਵਾ ਦੀ ਅਗਵਾਈ ਵਿੱਚ ਪੁਲੀਸ ਥਾਣਾ ਮਜੀਠਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਕਿਸਾਨ ਪਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੂੰ ਪੁਲੀਸ ਵੱਲੋਂ ਨਾਜਾਇਜ਼ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਇਸ ਸਬੰਧ ਵਿਚ ਐਫਆਈਆਰ ਨੰਬਰ 29/22 ਦੇ ਤਹਿਤ ਪਹਿਲਾਂ ਹੀ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੋਲ ਜਾਂਚ ਚੱਲ ਰਹੀ ਹੈ।
ਇਸ ਮੌਕੇ ਆਗੂਆਂ ਕਿਹਾ ਕਿ ਰੋਜ਼ਾਨਾ ਕਿਸਾਨਾਂ ਦੇ ਖੇਤਾਂ ਵਿਚ ਟਰਾਂਸਫਾਰਮਰ, ਟਰਾਂਸਫਾਰਮਰ ਵਿੱਚੋਂ ਤੇਲ, ਸਟਾਰਟਰ ਅਤੇ ਤਾਰਾਂ ਆਦਿ ਦੀਆਂ ਹੋ ਰਹੀਆਂ ਚੋਰੀਆਂ ਦੇ ਚਲਦਿਆਂ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਪੁਲੀਸ ਵੱਲੋਂ ਉਲਟਾ ਕਿਸਾਨ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਆਗੂਆਂ ਕਿਹਾ ਕਿ ਇਸ ਕੇਸ ਵਿੱਚ ਜੋ ਪੁਲੀਸ ਵੱਲੋਂ ਐੱਸਸੀ ਐਕਟ ਲਗਾਇਆ ਗਿਆ ਹੈ, ਉਹ ਕਿਸਾਨਾਂ-ਮਜ਼ਦੂਰਾਂ ਵਿੱਚ ਪਾੜਾ ਪਾਉਣ ਦੀ ਸਾਜ਼ਿਸ਼ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ। ਜਥੇਬੰਦੀ ਵੱਲੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ’ਤੇ ਕੀਤਾ ਗ਼ਲਤ ਕੇਸ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਖ਼ਬਰ ਲਿਖੇ ਜਾਣ ਤਕ ਕਿਸਾਨ ਯੂਨੀਅਨ ਦਾ ਧਰਨਾ ਜਾਰੀ ਸੀ। ਇਸ ਸਬੰਧੀ ਥਾਣਾ ਮੁਖੀ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਾ ਚੁੱਕਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।