ਗੁਰਬਖਸ਼ਪੁਰੀ
ਤਰਨ ਤਾਰਨ, 10 ਮਈ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਹੜੀ ਪੰਜਾਬ ਦੇ ਹੱਕਾਂ ਦੀ ਅਸਲ ਪਹਿਰੇਦਾਰ ਹੈ ਤੇ ਹਮੇਸ਼ਾ ਪੰਥ ਦੀ ਗੱਲ ਕਰਦੀ ਹੈ। ਉਨ੍ਹਾਂ ਨੇ ਇਹ ਪ੍ਰਗਟਾਵਾ ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਇਲਾਕੇ ਦੇ ਪਿੰਡ ਗੱਗੋਬੂਆ ਦੇ ਹਰਜਸ ਪੈਲੇਸ ’ਚ ਤਰਨ ਤਾਰਨ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਅਕਾਲੀ ਦਲ ਦੇ ਵਰਕਰਾਂ ਨਾਲ ਚੋਣ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਮਜੀਠੀਆ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਪੰਥ ਅਤੇ ਪੰਜਾਬ ਦੀ ਖਾਤਰ ਕਈ ਵਰ੍ਹੇ ਜੇਲ੍ਹ ਕੱਟਣ ਵਾਲੇ, ਨਿਡਰ ਆਵਾਜ਼ ਤੇ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਰਾਤ-ਦਿਨ ਇਕ ਕਰ ਦੇਣ ਦੀ ਅਪੀਲ ਕੀਤੀ।।
ਅੰਮ੍ਰਿਤਪਾਲ ਸਿੰਘ ਦੇ ਸਮਰਥਨ ’ਚ ਪਿੰਡ ਕੱਦਗਿੱਲ ’ਚ ਇਕੱਠ
ਤਰਨ ਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਇਲਾਕੇ ਦੇ ਪਿੰਡ ਕੱਦ ਗਿੱਲ ਵਿਚ ਇਕੱਠ ਕੀਤਾ ਗਿਆ। ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਪਿੰਡ ਵਾਸੀਆਂ ਨੂੰ ਆਪਣੇ ਸਾਰੇ ਮਤਭੇਦ ਭੁਲਾ ਲੈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵਿਚ ਸਮਰਥਨ ਦੇਣ ਦੀ ਅਪੀਲ ਕੀਤੀ| ਉਨ੍ਹਾਂ ਔਰਤਾਂ ਨੂੰ ਵੀ ਇਸ ਮੁਹਿੰਮ ਵਿਚ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਰਿਹਾਅ ਹੋਣ ’ਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਪੰਜਾਬ ਦੀ ਤਰੱਕੀ ਲਈ ਕੰਮ ਕਰੇਗਾ।