ਪੱਤਰ ਪ੍ਰੇਰਕ
ਹੁਸ਼ਿਆਰਪੁਰ, 7 ਫ਼ਰਵਰੀ
ਕੋਵਿਡ ਕਾਰਨ ਬੰਦ ਕੀਤੇ ਵਿਦਿਅਕ ਅਦਾਰਿਆਂ ਨੂੰ ਦੁਬਾਰਾ ਖੁੱਲ੍ਹਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਡਾ ਭੂੰਗਾ ’ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਦੋ ਘੰਟੇ ਆਵਾਜਾਈ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭੁਪਿੰਦਰ ਸਿੰਘ, ਹਲਕਾ ਪ੍ਰਧਾਨ ਜਰਨੈਲ ਸਿੰਘ ਤੇ ਸਕੱਤਰ ਸਰਵਣ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਰੋਨਾ ਦੀ ਆੜ ਹੇਠ ਕੇਵਲ ਵਿਦਿਅਕ ਅਦਾਰਿਆਂ ਨੂੰ ਹੀ ਬੰਦ ਕੀਤਾ ਹੈ ਜਦੋਂਕਿ ਬਾਕੀ ਸਾਰੇ ਕਾਰਜ ਬਿਨਾਂ ਕਿਸੇ ਰੋਕ ਟੋਕ ਦੇ ਚੱਲ ਰਹੇ ਹਨ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਯੂਨੀਅਨ ਦੀ ਮੰਗ ’ਤੇ ਕੇਵਲ ਛੇਵੀਂ ਜਮਾਤ ਤੋਂ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ ਪਰ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਸਾਰੀਆਂ ਜਮਾਤਾਂ ਦੇ ਸਕੂਲ ਖੋਲ੍ਹੇ ਜਾਣ। ਇਸੇ ਦੌਰਾਨ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਅੇ ਸਹਿਯੋਗੀ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਸਕੂਲਾਂ ਪ੍ਰਤੀ ਅਧੂਰੇ ਫ਼ੈਸਲੇ ਖ਼ਿਲਾਫ਼ ਲਾਚੋਵਾਲ ਟੋਲ ਪਲਾਜ਼ਾ ’ਤੇ 12 ਤੋਂ 1 ਵਜੇ ਤੱਕ ਧਰਨਾ ਦਿੱਤਾ ਗਿਆ।
ਗੁਰਦਾਸਪੁਰ (ਪੱਤਰ ਪ੍ਰੇਰਕ) ਪਹਿਲੀ ਤੋਂ ਪੰਜਵੀਂ ਜਮਾਤ ਤੱਕ ਖੋਲ੍ਹਣ, ਖ਼ਰਾਬ ਫ਼ਸਦ ਦਾ ਮੁਆਵਜ਼ਾ ਤੇ ਗੰਨੇ ਦੀ ਬਕਾਇਆ ਰਕਮ ਦੀ ਅਦਾਇਗੀ ਨੂੰ ਲੈ ਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਡਾਕਖਾਨਾ ਚੌਕ ’ਚ ਧਰਨਾ ਦੇ ਜਾਮ ਲਾਇਆ। ਬੁਲਾਰਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6ਵੀਂ ਤੋਂ ਬਾਅਦ ਦੀਆਂ ਸਾਰੀਆਂ ਸੰਸਥਾਵਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜੋ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਵਿਦਿਆਰਥੀ ਜੱਥੇਬੰਦੀਆਂ ਦੀ ਅੰਸ਼ਿਕ ਜਿੱਤ ਸੀ ਪਰ ਅੱਜ ਦਾ ਜਾਮ ਪੰਜਾਬ ਦੇ ਸਕੂਲ ਪੂਰਨ ਰੂਪ ’ਚ ਖੁੱਲ੍ਹਵਾਉਣ, ਗੰਨੇ ਦਾ ਬਕਾਇਆ ਕਿਸਾਨਾਂ ਨੂੰ ਦਿਵਾਉਣ, ਕਣਕ ਤੇ ਆਲੂਆਂ ਦੀ ਫਸਲ ਦੇ ਖਰਾਬੇ ਦਾ ਮੁਆਵਜ਼ਾ ਦਿਵਾਉਣ ਲਈ ਲਗਾਇਆ ਗਿਆ ਹੈ।
ਤਰਨ ਤਾਰਨ (ਪੱਤਰ ਪ੍ਰੇਰਕ) ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਵੱਡੀ ਗਣਿਤੀ ਕਿਸਾਨਾਂ ਨੇ ਇਥੋਂ ਦੇ ਕੌਮੀ ਸ਼ਾਹ ਮਾਰਗ ’ਤੇ ਦੋ ਘੰਟੇ ਲਈ ‘ਚੱਕਾ ਜਾਮ’ ਕਰਕੇ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਤੇ ਮੋਰਚੇ ਨੇ ਸਰਕਾਰ ਨੂੰ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ| ਇਸ ‘ਚੱਕਾ ਜਾਮ’ ’ਚ ਵੱਖ ਵੱਖ ਅਧਿਆਪਕ ਜਥੇਬੰਦੀਆਂ ਨੇ ਭਾਗ ਲਿਆ| ਕਿਸਾਨ ਮੋਰਚਾ ਦੇ ਜ਼ਿਲ੍ਹਾ ਕੋ-ਕਨਵੀਨਰ ਅੰਮ੍ਰਿਤਪਾਲ ਸਿੰਘ ਜੌੜਾ ਤੋਂ ਇਲਾਵਾ ਦਲਜੀਤ ਸਿੰਘ ਦਿਆਲਪੁਰਾ, ਰੇਸ਼ਮ ਸਿੰਘ, ਅਮਰਜੀਤ ਸਿੰਘ ਕਾਹਲਵਾ, ਸਕੱਤਰ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ ਬਾਠ ਆਦਿ ਨੇ ਸੰਬੋਧਨ ਦੌਰਾਨ ਸਰਕਾਰ ਵੱਲੋਂ ਸਕੂਲਾਂ ਨੂੰ ਲੰਬੇ ਸਮੇਂ ਲਈ ਬੰਦ ਕਰਕੇ ਬੱਚਿਆਂ ਦਾ ਭਵਿੱਖ ਬਰਬਾਦ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਆਨ-ਲਾਈਨ ਸਿੱਖਿਆ ਵਧੇਰੇ ਕਰਕੇ ਬੱਚਿਆਂ ਦੀ ਸਮਝ ਤੋਂ ਬਾਹਰੀ ਹੈ| ਆਗੂਆਂ ਕਿਹਾ ਕਿ ਉੱਚੀਆਂ ਜਮਾਤਾਂ ਲਈ ਸਕੂਲ ਖੋਲ੍ਹ ਕੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣਾ ਨੁਕਸਾਨ ਦਾਇਕ ਹੈ| ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪਨੂੰ ਦੀ ਅਗਵਾਈ ’ਚ ਕਿਸਾਨਾਂ ਵੱਲੋਂ ਉਸਮਾ ਟੌਲ ਪਲਾਜ਼ਾ ’ਤੇ ਵੀ ਧਰਨਾ ਦਿੱਤਾ|
ਅਟਾਰੀ (ਪੱਤਰ ਪ੍ਰੇਰਕ) ਸਾਰੇ ਸਕੂਲਾਂ ਨੂੰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਜਮਹੂਰੀ ਕਿਸਾਨ ਸਭਾ ਵੱਲੋਂ ਅੱਜ ਅੰਮ੍ਰਿਤਸਰ-ਅਟਾਰੀ ਮਾਰਗ ’ਤੇ ਸਥਿਤ ਛਿੱਡਣ ਟੋਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਤੇ ਮੁਖਤਾਰ ਸਿੰਘ ਮੁਹਾਵਾ ਨੇ ਕਿਹਾ ਕਿ ਕੋੋਨਾ ਦੀ ਆੜ ਹੇਠ ਸਕੂਲ ਬੰਦ ਕਰਕੇ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ) ਅੱਜ ਦੁਪਹਿਰ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਟਾਂਗਰਾ ’ਚ ਪ੍ਰਾਇਮਰੀ ਸਕੂਲਾਂ ਸਣੇ ਪੰਜਾਬ ਦੇ ਸਾਰੇ ਸਕੂਲ, ਕਾਲਜ ਤੇ ਯੂਨੀਵਰਸਟੀਆਂ ਖੋਲ੍ਹਣ ਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਹੱਲ ਕਰਨ ਵਾਸਤੇ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੇ ਜੀਟੀ ਰੋਡ ਜਾਮ ਕੀਤਾ।
ਅਜਨਾਲਾ (ਪੱਤਰ ਪ੍ਰੇਰਕ) ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਦੇ ਸਾਰੇ ਵਿਦਿਅਕ ਅਦਾਰੇ ਖੁੱਲ੍ਹਵਾਉਣ ਤੇ ਬੇਮੌਸਮੀ ਬਾਰਿਸ਼ ਕਾਰਨ ਬਰਬਾਦ ਹੋਈਆਂ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਲਈ ਅੰਮ੍ਰਿਤਸਰ ਤੋਂ ਅਜਨਾਲਾ ਮੁੱਖ ਸੜਕ ਤੇ ਅੱਡਾ ਮਹਿਲਬੁਖਾਰੀ ਚੌਂਕ ’ਚ ਕਿਸਾਨਾਂ, ਮਜ਼ਦੂਰਾਂ, ਔਰਤਾਂ ਵੱਲੋਂ ਸੜਕੀ ਆਵਾਜਾਈ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ।