ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੂਨ
ਗਰਮੀ ਦੇ ਵਧ ਰਹੇ ਪ੍ਰਕੋਪ ਦੌਰਾਨ ਲਗਪਗ ਇਕ ਹਫਤੇ ਤਕ ਲੋਕਾਂ ਨੂੰ ਇਹ ਪ੍ਰਕੋਪ ਝੱਲਣਾ ਪਵੇਗਾ। ਅੱਜ ਇਥੇ ਤਾਪਮਾਨ ਲਗਪਗ 44 ਡਿਗਰੀ ਦਰਜ ਕੀਤਾ ਗਿਆ ਹੈ। ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੌਰਾਨ ਨਮੀ ਦੀ ਮਾਤਰਾ ਵੀ ਘੱਟ ਕੇ ਸਿਰਫ 17 ਫੀਸਦ ਰਹੀ ਹੈ, ਜਿਸ ਕਾਰਨ ਸਾਰਾ ਦਿਨ ਗਰਮ ਲੂ ਵਗਦੀ ਰਹੀ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਅਗਲੇ ਮੰਗਲਵਾਰ ਤਕ ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਤਾਪਮਾਨ 43, 44 ਤੇ 45 ਡਿਗਰੀ ਤਕ ਰਹੇਗਾ। ਗਰਮੀ ਦੇ ਵਧ ਰਹੇ ਪ੍ਰਕੋਪ ਕਾਰਨ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ। ਲੋਕ ਵਧੇਰੇ ਏਅਰ ਕੰਡੀਸ਼ਨ ਤੇ ਕੂਲਰਾਂ ਦੀ ਵਰਤੋਂ ਕਰ ਰਹੇ ਹਨ। ਤੇਜ਼ ਧੁੱਪ ਤੇ ਗਰਮੀ ਦੇ ਕਾਰਨ ਕੁਝ ਇਲਾਕਿਆਂ ਵਿੱਚ ਦੁਕਾਨਦਾਰਾਂ ਵੱਲੋਂ ਦੁਪਹਿਰ ਵੇਲੇ ਦੁਕਾਨਾਂ ਆਦਿ ਬੰਦ ਰੱਖੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੁਪਹਿਰ ਵੇਲੇ ਸੜਕਾਂ ’ਤੇ ਆਵਾਜ਼ਾਈ ਵੀ ਘੱਟ ਗਈ ਹੈ। ਸਕੂਲਾਂ ਆਦਿ ਵਿੱਚ ਛੁੱਟੀਆਂ ਹੋ ਚੁੱਕੀਆਂ ਹਨ ਅਤੇ ਗਰਮੀ ਦੇ ਵਧ ਰਹੇ ਪ੍ਰਕੋਪ ਦੌਰਾਨ ਲੋਕ ਪਹਾੜਾਂ ਵੱਲ ਨੂੰ ਕੂਚ ਕਰ ਰਹੇ ਹਨ। ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਬਣੇ ਸਵੀਮਿੰਗ ਪੂਲ ਦੀ ਮੰਗ ਵੀ ਵਧੀ ਹੈ।
ਜਲੰਧਰ (ਪਾਲ ਸਿੰਘ ਨੌਲੀ) ਸੂਬੇ ਵਿੱਚ ਪਿਛਲੇ ਦਿਨਾਂ ਦੌਰਾਨ ਪੈ ਰਹੀ ਅਤਿ ਦੀ ਗਰਮੀ ਨੇ ਜਨਜੀਵਨ ਪੂਰੀ ਤਰ੍ਹਾਂ ਲੀਹ ਤੋਂ ਲਾਹ ਦਿੱਤਾ ਹੈ। ਸੂਬੇ ਵਿੱਚ ਬਹੁਤੀਆਂ ਥਾਵਾਂ ’ਤੇ ਅੱਜ ਵੀ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਸਵੇਰ ਤੋਂ ਹੀ ਮੌਸਮ ਵਿੱਚ ਤਪਸ਼ ਮਹਿਸੂਸ ਕੀਤੀ ਜਾ ਰਹੀ ਸੀ, ਦੁਪਹਿਰ ਹੋਣ ਤੱਕ ਲੂ ਦਾ ਰੂਪ ਧਾਰ ਗਈ ਤੇ ਅਤਿ ਦੀ ਗਰਮੀ ਨੇ ਲੋਕਾਂ ਦਾ ਘਰੋਂ ਨਿਕਲਨਾ ਔਖਾ ਕਰ ਦਿੱਤਾ। ਕੋਲਕਾਤਾ ਤੋਂ ਆਏ ਗੋਪਾਲ ਦੱਤ ਨੇ ਦੱਸਿਆ ਕਿ ਉਹ ਜ਼ਰੂਰੀ ਕੰਮ ਕਰਵਾਉਣ ਲਈ ਜਲੰਧਰ ਆਇਆ ਹੋਇਆ ਸੀ, ਪਰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ ਉਹ ਆਪਣੇ ਕਮਰੇ ਤੋਂ ਬਾਹਰ ਨਿਕਲਣ ਤੋਂ ਵੀ ਅਸਮਰੱਥ ਮਹਿਸੂਸ ਕਰ ਰਿਹਾ ਹੈ। ਸ੍ਰੀ ਦੱਤ ਨੇ ਕਿਹਾ ਕਿ ਭਾਵੇਂ ਪੱਛਮੀ ਬੰਗਾਲ ਦੇ ਕੁੱਝ ਇਲਾਕੇ ਨਾਲ ਸਮੁੰਦਰ ਲੱਗਦਾ ਹੈ, ਪਰ ਉਥੇ ਇੰਨਾ ਗਰਮ ਮੌਸਮ ਨਹੀਂ ਹੈ, ਪਰ ਪੰਜਾਬ ਵਿੱਚ ਗਰਤੀ ਦੇ ਸਾਰੇ ਰਿਕਾਰਡ ਟੁੱਟਦੇ ਜਾਪ ਰਹੇ ਹਨ। ਸ਼ਹਿਰਾਂ ਦੀ ਗੱਲ ਕਰੀਏ ਤਾਂ ਗਰਮੀ ਕਾਰਨ ਬਹੁਤੇ ਬਾਜ਼ਾਰ ਸੁੰਨਸਾਨ ਦਿਖਾਈ ਦਿੱਤੇ। ਲੋਕ ਘਰਾਂ ’ਚੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਰਕੇ ਜ਼ਿਆਦਾਤਰ ਲੋਕਾਂ ਨਾਲ ਭਰੇ ਰਹਿਣ ਵਾਲੇ ਬਾਜ਼ਾਰ ਵੀ ਹੁਣ ਲੋਕਾਂ ਤੋਂ ਸੱਖਣੇ ਦਿਖਾਈ ਦੇਣ ਲੱਗ ਪਏ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੌਸਮ ਗਰਮ ਬਣਿਆ ਰਹੇਗਾ।
ਬਲਾਚੌਰ (ਗੁਰਦੇਵ ਸਿੰਘ ਗਹੂੰਣ) ਬਲਾਚੌਰ ਤੇ ਆਸ-ਪਾਸ ਦੇ ਇਲਾਕੇ ਵਿੱਚ ਗਰਮੀ ਦਾ ਪ੍ਰਕੋਪ ਬਹੁਤ ਜ਼ਿਆਦਾ ਵਧ ਗਿਆ ਹੈ। ਅੱਜ ਇਸ ਇਲਾਕੇ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਕੰਮ-ਕਾਰਾਂ ਲਈ ਨਿਕਲਣਾ ਵੀ ਮੁਹਾਲ ਹੋ ਗਿਆ ਹੈ। ਕੁਦਰਤ ਦੇ ਇਸ ਪ੍ਰਕੋਪ ਵਿੱਚ ਪਾਵਰਕੌਮ ਬਲਾਚੌਰ ਦੇ ਅਧਿਕਾਰੀਆਂ ਵੱਲੋਂ ਹੋਰ ਵਾਧਾ ਕਰਦਿਆਂ ਪਾਵਰਕੌਮ ਵਲੋਂ ਪੂਰੇ ਇਲਾਕੇ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ 10 ਘੰਟਿਆਂ ਦੇ ਲਗਾਏ ਗਏ ਬਿਜਲੀ ਕੱਟ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣਾ ਵੀ ਮੁਹਾਲ ਹੋ ਗਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕ ਡਾਹਢੇ ਦੁਖੀ ਹਨ।ਪਾਵਰਕੌਮ ਬਲਾਚੌਰ ਦੇ ਅਧਿਕਾਰੀਆਂ ਵੱਲੋਂ ਹਰ ਤੀਜੇ ਦਿਨ ਲਗਾਏ ਜਾ ਰਹੇ 10 ਘੰਟਿਆਂ ਦੇ ਨਿਰੰਤਰ ਕੱਟ ਕਾਰਨ ਲੋਕਾਂ ਦੇ ਘਰੇਲੂ ਕੰਮਾਂ ਕਾਰਾਂ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮ ਅਤੇ ਵਪਾਰਕ ਕੰਮ ਪੂਰੀ ਤਰ੍ਹਾਂ ਤਹਿਸ਼-ਨਹਿਸ਼ ਹੋਏ ਪਏ ਹਨ। ਇਲਾਕੇ ਦੇ ਲੋਕਾਂ ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਅੰਤਾਂ ਦੀ ਗਰਮੀ ਦੇ ਇਸ ਮੌਸਮ ਵਿੱਚ ਬਿਜਲੀ ਦੀ ਸਪਲਾਈ ਨਿਰੰਤਰ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ।
ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਲੋਕ ਪ੍ਰੇਸ਼ਾਨ
ਅਜਨਾਲਾ (ਪੱਤਰ ਪ੍ਰੇਰਕ) ਹਰ ਦੂਸਰੇ ਦਿਨ ਬਾਅਦ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਨੇ ਲੋਕਾਂ ਨੂੰ ਡਾਹਢਾ ਪ੍ਰੇਸ਼ਾਨ ਕੀਤਾ ਹੋਇਆ ਹੈ ਕਿਉਂਕਿ ਅਜਨਾਲਾ ਸ਼ਹਿਰ ਅੰਦਰ ਪਿਛਲੇ ਕਈ ਹਫ਼ਤਿਆਂ ਤੋਂ ਹਰ ਦੂਸਰੇ ਦਿਨ ਬਿਜਲੀ ਦੇ 8-8 ਘੰਟੇ ਦੇ ਲੱਗ ਰਹੇ ਲੰਬੇ ਕੱਟਾਂ ਤੋਂ ਜਿੱਥੇ ਸ਼ਹਿਰ ਵਾਸੀ, ਪੜ੍ਹਾਈ ਕਰ ਰਹੇ ਵਿਦਿਆਰਥੀ, ਬੱਚਿਆਂ, ਦੁਕਾਨਦਾਰਾਂ ਸਮੇਤ ਦਫਤਰਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਮਜ਼ਦੂਰ ਵਰਗ ਜੋ ਬਿਜਲੀ ਸਾਧਨਾਂ ਦੁਆਰਾ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਦੇ ਹਨ, ਇਹ ਸਾਰੇ ਹੀ ਅੱਤਿ ਦੀ ਗਰਮੀ ਦੌਰਾਨ ਬਿਜਲੀ ਕੱਟਾਂ ਤੋਂ ਭਾਰੀ ਪ੍ਰੇਸ਼ਾਨ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਸਾਰਾ ਹੀ ਬਿਜਲੀ ਉਪਰ ਹੈ ਪਰ ਬਿਜਲੀ ਨਹੀਂ ਆਉਂਦੀ ਜਿਸ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ ਜਦੋਂਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਬੱਚਿਆਂ ਦੀ ਦਿਨ ਸਮੇਂ ਪੜ੍ਹਾਈ ਵੀ ਰਭਾਵਿਤ ਹੋ ਰਹੀ ਹੈ ਤੇ ਦਫ਼ਤਰਾਂ ਵਿੱਚ ਕੰਮ ਕਰ ਰੇ ਕਰਮਚਾਰੀ ਅੱਤਿ ਦੀ ਗਰਮੀ ਵਿੱਚ ਕੰਮ ਕਰਨ ਲਈ ਮਜਬੂਰ ਹਨ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਕੱਟਾਂ ਨੂੰ ਖਤਮ ਕੀਤਾ ਜਾਵੇ।