ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 10 ਜੁਲਾਈ
ਟਿਊਬਵੈੱਲਾਂ ਦੀ ਬਿਜਲੀ ਸਪਲਾਈ ਦੇ ਲਗਾਏ ਜਾ ਰਹੇ ਕੱਟਾਂ ਤੋਂ ਖਫ਼ਾ ਕਿਸਾਨਾਂ ਨੇ ਸਬ-ਡਿਵੀਜ਼ਨ ਦਫ਼ਤਰ ਧਾਰੀਵਾਲ ਦੇ ਮੁੱਖ ਗੇਟ ਅੱਗੇ ਸ਼ਹਿਰ ਵਿੱਚੋਂ ਲੰਘਦੇ ਮੁੱਖ ਜੀਟੀ ਰੋਡ ’ਤੇ ਟਰੈਕਟਰ ਖੜ੍ਹੇ ਕਰਕੇ ਕਰੀਬ ਤਿੰਨ ਘੰਟੇ ਆਵਾਜਾਈ ਠੱਪ ਰੱਖੀ ਅਤੇ ਪਾਵਰਕੌਮ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਰੋਜ਼ ਮੁਜ਼ਾਹਰਾ ਕਰ ਰਹੇ ਕਿਸਾਨ ਗੁਰਦਿੱਤੀ ਸਿੰਘ, ਮਨਧੀਰ ਸਿੰਘ ਚੌਧਰਪੁਰ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਜਥੇਦਾਰ ਕੇਵਲ ਸਿੰਘ ਜਫਰਵਾਲ ਤੇ ਲਵਪ੍ਰੀਤ ਸਿੰਘ ਸਣੇ ਹੋਰਾਂ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਜ਼ੋਰਾਂ ’ਤੇ ਹੈ, ਪਰ ਸਬ-ਸਟੇਸ਼ਨ ਧਾਰੀਵਾਲ ਤੋਂ ਚੱਲਦੇ ਏਪੀ ਫੀਡਰ ਬਿੱਧੀਪੁਰ ਤੇ ਉਨ੍ਹਾਂ ਦੇ ਟਿਊਬਵੈੱਲ ਪੈਂਦੇ ਹਨ, ਜਿਨ੍ਹਾਂ ਦੀ ਬਿਜਲੀ ਸਪਲਾਈ ਅੱਠ ਘੰਟੇ ਦੇਣ ਦੀ ਬਜਾਏ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ। ਇਸ ਕਾਰਨ ਖੇਤਾਂ ਵਿੱਚ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਅੱਠ ਘੰਟੇ ਯਕੀਨੀ ਬਣਾਈ ਜਾਵੇ। ਜੇ ਅੱਠ ਘੰਟੇ ਬਿਜਲੀ ਸਪਲਾਈ ਵਿੱਚੋਂ ਕਿਸੇ ਕਾਰਨ ਸਬ-ਸਟੇਸ਼ਨ ਤੋਂ ਕੱਟ ਲਗਾਇਆ ਜਾਂਦਾ ਹੈ ਤਾਂ ਉਸ ਬਦਲੇ ਮੁੜ ਬਿਜਲੀ ਸਪਲਾਈ ਦਿੱਤੀ ਜਾਵੇ। ਉਧਰ ਮੁਜ਼ਾਹਰੇ ਵਾਲੀ ਥਾਂ ’ਤੇ ਪਹੁੰਚੇ ਐਕਸੀਅਨ ਇੰਜਨੀਅਰ ਜਗਤਾਰ ਸਿੰਘ ਬਾਜਵਾ ਅਤੇ ਸਬ ਡਿਵੀਜ਼ਨ ਧਾਰੀਵਾਲ ਦੇ ਐੱਸ.ਡੀ.ਓ.ਦਿਲਬਾਗ ਸਿੰਘ ਬੋਪਾਰਾਏ ਨੇ ਕਿਸਾਨਾਂ ਦਾ ਰੋਹ ਸ਼ਾਂਤ ਕੀਤਾ ਅਤੇ ਮੰਗ ਪੱਤਰ ਲੈ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਮੱਸਿਆ ਦੇ ਹੱਲ ਲਈ ਇਹ ਮੰਗ ਪੱਤਰ ਵਿਭਾਗ ਨੂੰ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਧਿਕਾਰੀਆਂ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ ਤੇ ਆਵਾਜਾਈ ਬਹਾਲ ਹੋਈ।