ਜਤਿੰਦਰ ਬੈਂਸ
ਗੁਰਦਾਸਪੁਰ, 16 ਅਕਤੂਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਅੱਜ ਗੁਰਦਾਸਪੁਰ ਦੇ ਹਰਦੋਛੰਨੀ ਰੋਡ ’ਤੇ ਕੇਂਦਰ ਦੀ ਮੋਦੀ ਦੀ ਸਰਕਾਰ ਤੇ ਕਾਰਪੋਰੇਟ ਜਗਤ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਅਨੋਖ ਸਿੰਘ ਸਲਤਾਨੀ, ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ, ਸੁਖਵਿੰਦਰ ਸਿੰਘ ਦਾਖਲਾ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਸੁਖਦੇਵ ਸਿੰਘ ਅੱਲੜ ਪਿੰਡੀ ਨੇ ਲਖੀਮਪੁਰ ਖੀਰੀ ਘਟਨਾ ਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨਕੀਤਾ ਗਿਆ।
ਫਗਵਾੜਾ( ਜਸਬੀਰ ਸਿੰਘ ਚਾਨਾ): ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਦਾਣਾ ਮੰਡੀ ਗੇਟ ਵਿੱਚ ਸਾੜਿਆ ਗਿਆ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਗੜ੍ਹਸ਼ੰਕਰ(ਜੇ.ਬੀ.ਸੇਖੋਂ/ਜੋਗਿੰਦਰ ਕੁੱਲੇਵਾਲ): ਇਥੇ ਕੁੱਲ ਹਿੰਦ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਤਰਸੇਮ ਸਿੰਘ, ਕਾਮਰੇਡ ਦਰਸ਼ਨ ਮੱਟੂ, ਕਾਮਰੇਡ ਗੁਰਨੇਕ ਭੱਜਲ ਦੀ ਅਗਵਾਈ ਹੇਠ ਕਿਸਾਨਾਂ ਨੇ ਗੜ੍ਹਸ਼ੰਕਰ ਦੇ ਬੰਗਾ ਚੌੌਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਕਿਸਾਨਾਂ ਨੇ ਬਾਬਾ ਗੁਰਦਿੱਤ ਸਿੰਘ ਪਾਰਕ ਤੋਂ ਬੰਗਾ ਚੌਂਕ ਤੱਕ ਰੈਲੀ ਕੱਢਦਿਆਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਮਾਨਸਰ(ਮਨਪ੍ਰੀਤ ਸਿੰਘ): ਇਥੇ ਅੱਜ ਟੌਲ ਪਲਾਜ਼ਾ ਮਾਨਸਰ ’ਤੇ ਕਿਸਾਨ ਜਥੇਬੰਦੀਆਂ ਵੱਲੋ ਕੇਂਦਰ ਦੀ ਮੋਦੀ ਸਰਕਾਰ, ਅਮਿਤ ਸ਼ਾਹ, ਹੋਰ ਮੰਤਰੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜ ਕੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਕੁਲ ਹਿੰਦ ਕਿਸਾਨ ਸਭਾ ਵੱਲੋਂ ਭੰਗਾਲਾ ’ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸਾਨੰਦ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਸੁਲਤਾਨਪੁਰ ਲੋਧੀ(ਦੇਸ ਰਾਜ): ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ, ਬਾਰ ਐਸੋਸੀਏਸਨ, ਸਹਿਤ ਸਭਾ, ਪ੍ਰੈੱਸ ਕਲੱਬ ਤੇ ਮੁਲਾਜ਼ਮ ਜਥੇਬੰਦੀਆਂ ਨੇ ਅੱਜ ਇਥੇ ਤਲਵੰਡੀ ਚੌਕ ’ਚ ਲਖੀਮਪੁਰ ਖੀਰੀ ਵਿਖੇ ਵਾਪਰੀ ਦਰਦਨਾਕ ਘਟਨਾ ਦੇ ਵਿਰੋਧ ਵਿੱਚ ਮੋਦੀ ਅਤੇ ਯੋਗੀ ਦੇ ਪੁਤਲੇ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ।
ਕਾਹਨੂੰਵਾਨ(ਵਰਿੰਦਰਜੀਤ ਜਾਗੋਵਾਲ): ਸਥਾਨਕ ਕਸਬੇ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਨਰਿੰਦਰ ਮੋਦੀ, ਅਦਿੱਤਿਆ ਨਾਥ ਯੋਗੀ ਅਤੇ ਅਜੇ ਮਿਸ਼ਰਾ ਦੇ ਪੁਤਲੇ ਫੂਕੇ ਗਏ। ਮਾਝ ਸੰਘਰਸ਼ ਕਮੇਟੀ ਵੱਲੋਂ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਪੁਰਾਣੀ ਤਹਿਸੀਲ ਦਫਤਰ ਦੇ ਸਾਹਮਣੇ ਕਿਸਾਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਨੇੜਲੇ ਪਿੰਡ ਗੁਨੋਪੁਰ ਵਿੱਚ ਰੋਸ ਵਜੋਂ ਪੁਤਲੇ ਫੂਕੇ ਗਏ। ਇਸ ਤਰ੍ਹਾਂ ਨੇੜਲੇ ਪਿੰਡ ਭੱਟੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਵਿੱਚ ਮੋਦੀ, ਯੋਗੀ ਅਤੇ ਅਜੇ ਮਿਸਰਾ ਦੇ ਪੁਤਲੇ ਫੂਕੇ ਗਏ।
ਸ਼ਾਹਕੋਟ(ਗੁਰਮੀਤ ਸਿੰਘ ਖੋਸਲਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ),ਆਲ ਇੰਡੀਆਂ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਮੱਲੀਆਂ ਕਲਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ਾਹਕੋਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਕੇਂਦਰੀ ਮੰਤਰੀ ਮੰਡਲ ’ਚੋ ਬਾਹਰ ਕੱਢਣ, ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾ ਦੇਣ, ਕਾਲੇ ਖੇਤੀ ਨੂੰ ਰੱਦ ਕਰਨ ਅਤੇ ਐਮ.ਐਸ.ਪੀ ਦੀ ਸਰਕਾਰੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਨਵਾਂਸ਼ਹਿਰ(ਲਾਜਵੰਤ ਸਿੰਘ): ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਰਿਲਾਇੰਸ ਕੰਪਨੀ ਦੇ ਸਥਾਨਕ ਮੌਲ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ.ਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਦੇ ਪੁਤਲੇ ਸਾੜੇ ਗਏ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਸੰਬੋਧਨ ਕੀਤਾ।
ਅਟਾਰੀ(ਦਿਲਬਾਗ ਸਿੰਘ ਗਿੱਲ): ਇਥੇ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੁਹਾਵਾ ਦੀ ਅਗਵਾਈ ਹੇਠ ਅੱਜ ਅਟਾਰੀ ਬੱਸ ਸਟੈਂਡ ਵਿਖੇ ਮੋਦੀ, ਅਮਿਤ ਸ਼ਾਹ, ਯੋਗੀ ਅਤੇ ਅਜੇ ਮਿਸ਼ਰਾ ਟੋਨੀ ਦੇ ਪੁਤਲੇ ਫੁਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨਿਰਮਲ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਮਾਨ ਸਿੰਘ ਮੁਹਾਵਾ, ਗੁਰਨਾਮ ਸਿੰਘ ਦਾਉਕੇ, ਜਸਬੀਰ ਸਿੰਘ ਫ਼ੌਜੀ, ਜਸਵਿੰਦਰ ਸਿੰਘ ਅਟਾਰੀ, ਪ੍ਰੇਮ ਸਿੰਘ ਭਰੋਭਾਲ, ਬਲਦੇਵ ਸਿੰਘ ਧਾਰੀਵਾਲ, ਕੰਵਲਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਤਲੇ ਫੁਕ ਕੇ ਨਾਅਰੇਬਾਜ਼ੀ ਕੀਤੀ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਨੇ ਕੌਮੀ ਮਾਰਗ ’ਤੇ ਸਥਿਤ ਕਿਸ਼ਨਗੜ੍ਹ ਚੌਕ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਧਾਨ ਹਰਸਲਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਅਟਵਾਲ, ਲਵਪ੍ਰੀਤ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਰੱਦ ਨਹੀਂ ਕਰਦੀ ਅਤੇ ਜਿਣਸਾਂ ’ਤੇ ਐੱਮਐੱਸਪੀ ਲਾਜ਼ਮੀ ਨਹੀਂ ਕਰਦੀ ਓਨੀ ਦੇਰ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਕਰਦਾ ਰਹੇਗਾ।
ਫਤਿਹਗੜ ਚੂੜੀਆਂ(ਹਰਪਾਲ ਸਿੰਘ ਨਾਗਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਂਲੀ ਦੀ ਅਗਵਾਈ ਵਿੱਚ ਫ਼ਤਹਿਗੜ ਚੂੜੀਆਂ ਵਿੱਚ ਮੋਦੀ – ਅਮਿਤ ਸ਼ਾਹ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਗਠਜੋੜ ਦੇ ਪੁਤਲੇ ਫੂਕੇ ਗਏ।
ਕਾਦੀਆਂ(ਮਕਬੂਲ ਅਹਿਮਦ): ਇਥੇ ਅੱਜ ਕਾਦੀਆਂ ਅਤੇ ਕਾਹਲਵਾਂ ਮੋੜ ’ਤੇ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫ਼ੂਕੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪ੍ਰਤਾਪ ਸਿੰਘ ਕਾਹਲਵਾਂ, ਪ੍ਰੇਮ ਸਿੰਘ, ਜਥੇਦਾਰ ਤਰਲੋਚਨ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਗੁਰਨਾਮ ਸਿੰਘ,ਨਿਵੈਰ ਸਿੰਘ, ਅੰਮ੍ਰਿਤਪਾਲ ਸਿੰਘ, ਰਣਜੋਧ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਮੌਜੂਦ ਸਨ।
ਕਿਸਾਨਾਂ ਨੇ ਖੇਤੀ ਬਚਾਓ ਦੇ ਨਾਅਰੇ ਲਾਏ
ਜੰਡਿਆਲਾ ਗੁਰੂ(ਪੱਤਰ ਪ੍ਰੇਰਕ): ਅੱਜ ਆਲ ਇੰਡੀਆ ਕਿਸਾਨ ਸਭਾ, ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਮੋਦੀ, ਯੂਪੀ ਦੇ ਮੁੱਖ ਮੰਤਰੀ ਯੋਗੀ, ਹਰਿਆਣਾ ਦੇ ਮੁੱਖ ਮੰਤਰੀ ਖੱਟੜ, ਗ੍ਰਹਿ ਮੰਤਰੀ ਅਮਿਤ ਸ਼ਾਹ, ਲਖੀਮਪੁਰ ਖੀਰੀ ਘਟਨਾ ਵਾਲੇ ਅਜੇ ਮਿਸ਼ਰਾ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਖੇਤੀ ਬਚਾਓ ਦੇ ਨਾਅਰਿਆਂ ਨਾਲ ਫੂਕੇ ਗਏ।
ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ
ਬਲਾਚੌਰ(ਗੁਰਦੇਵ ਸਿੰਘ ਗਹੂੰਣ): ਲਖੀਮਪੁਰ ਖੀਰੀ ਕਤਲ ਕਾਂਡ ਸਬੰਧੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟੌਲ ਪਲਾਜ਼ਾ ਬੱਛੂਆਂ ਅਤੇ ਮਜਾਰੀ ਵਿਖੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਅਤੇ ਮੋਦੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਟੌਲ ਪਲਾਜ਼ਾ ਬੱਛੂਆਂ ਦੇ ਮੋਰਚੇ ਦੇ ਕਨਵੀਨਰ ਰਾਣਾ ਕਰਨ ਸਿੰਘ,ਟੌਲ ਪਲਾਜ਼ਾ ਮਜਾਰੀ ਮੋਰਚੇ ਦੇ ਕਨਵੀਨਰ ਕੈਪਟਨ ਰਘਵੀਰ ਸਿੰਘ, ਨਿਰਮਲ ਸਿੰਘ ਔਜਲਾ, ਦਲਜੀਤ ਸਿੰਘ ਬੈਂਸ, ਜੋਗਿੰਦਰ ਸਿੰਘ ਅਟਵਾਲ, ਭੁਪਿੰਦਰ ਸਿੰਘ ਸਰਾਂ, ਸੁਰਜੀਤ ਸਿੰਘ ਹੁੰਦਲ, ਸਤਨਾਮ ਸਿੰਘ ਜਲਾਲਪੁਰ ਅਵਤਾਰ ਸਿੰਘ ਤਾਰੀ ਅਤੇ ਬਹਾਦਰ ਸਿੰਘ ਕੌਲਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਇਹ ਅੰਦੋਲਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਜ਼ਾਰਾਂ ਵਿੱਚ ਰੋਸ ਮਾਰਚ
ਅਜਨਾਲਾ(ਅਸ਼ੋਕ ਕੁਮਾਰ ਸ਼ਰਮਾ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਅੱਜ ਇੱਥੇ ਕਿਸਾਨਾਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਸੂਬਾਈ ਆਗੂ ਸਰਪੰਚ ਬਲਵਿੰਦਰ ਸਿੰਘ ਮੁਕਾਮ, ਸੁਖਦੇਵ ਸਿੰਘ ਡੱਬਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਦੋਸ਼ੀਆਂ ਨੂੰ ਬਚਾਉਣਾਂ ਚਾਹੁੰਦੀ ਹੈ ਕਿਉਂਕਿ ਸਰਕਾਰ ਨੇ ਅਜੇ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖ਼ਾਸਤ ਨਹੀ ਕੀਤਾ ਜਿਸ ਕਰਕੇ ਇਸ ਕੇਸ ਦੀ ਨਿਰਪੱਖ ਜਾਂਚ ਨਹੀ ਹੋ ਸਕਦੀ।