ਐੱਨ.ਪੀ. ਧਵਨ
ਪਠਾਨਕੋਟ, 9 ਸਤੰਬਰ
ਜ਼ਿਲ੍ਹੇ ਵਿੱਚ ਝੋਨੇ ਦੀ ਫਸਲ ਵਾਇਰਸ ਨਾਲ ਪ੍ਰਭਾਵਿਤ ਹੋ ਰਹੀ ਹੈ ਅਤੇ ਇਹ ਫਸਲ ਮਧਰੇਪਣ ਵਿੱਚ ਰਹਿਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਇਸ ਤੋਂ ਦੁਖੀ ਹੋ ਕੇ ਅੱਜ ਭੋਆ ਵਿਧਾਨ ਸਭਾ ਹਲਕੇ ’ਚ ਸੁਕਾਲਗੜ੍ਹ ਪਿੰਡ ਦੇ ਸਤਨਾਮ ਸਿੰਘ ਨਾਂ ਦੇ ਕਿਸਾਨ ਨੇ ਝੋਨੇ ਦੀ ਖੜ੍ਹੀ ਫਸਲ ਟਰੈਕਟਰ ਨਾਲ ਵਾਹ ਦਿੱਤੀ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਖਰਾਬ ਹੋ ਰਹੀ ਝੋਨੇ ਦੀ ਫਸਲ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪਿੰਡ ਸੁਕਾਲਗੜ੍ਹ ਦੇ ਹੋਰ ਕਿਸਾਨਾਂ ਰਾਜੇਸ਼ ਸਿੰਘ, ਚੰਦਰ ਸ਼ੇਖਰ, ਗੋਪਾਲ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ ਤੇ ਸੁਖਦੀਪ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫਸਲ ਅਜੀਬ ਜਿਹੀ ਬਿਮਾਰੀ ਨਾਲ ਪ੍ਰਭਾਵਿਤ ਹੈ ਤੇ ਉਨ੍ਹਾਂ ਨੂੰ ਕੁਝ ਨਹੀਂ ਸੁਝ ਰਿਹਾ ਕਿ ਉਹ ਕੀ ਕਰਨ।
ਜ਼ਿਲ੍ਹਾ ਮੁੱਖ ਖੇਤੀਬੜੀ ਅਫਸਰ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ’ਚ ਇਸ ਸਮੇਂ 4500 ਹੈਕਟੇਅਰ ਖੜ੍ਹੀ ਝੋਨੇ ਦੀ ਫਸਲ ਇਸ ਵਾਇਰਸ ਨਾਲ ਪ੍ਰਭਾਵਿਤ ਹੈ। ਪੂਰੇ ਪੰਜਾਬ ਅੰਦਰ ਪਠਾਨਕੋਟ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਇਸ ਦਾ ਅਸਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪ੍ਰਭਾਵਿਤ ਫਸਲ ਦੇ ਬਿਮਾਰ ਬੂਟਿਆਂ ਦੇ ਨਮੂਨੇ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਝੋਨਾ ਖੋਜ ਕੇਂਦਰ ਹੈਦਰਾਬਾਦ ਭੇਜੇ ਸਨ ਜਿੱਥੇ ਸਾਇੰਸਦਾਨਾਂ ਵੱਲੋਂ ਕੀਤੇ ਗਏ ਅਧਿਐਨ ਅਨੁਸਾਰ ਝੋਨੇ ਦੀ ਫਸਲ ਉੱਪਰ ਚੀਨ ਦੇ ਵਾਇਰਸ ਨੇ ਹਮਲਾ ਕੀਤਾ ਹੈ। ਇਸ ਨਾਲ ਬੂਟੇ ਗਿੱਠੇ ਰਹਿ ਗਏ ਅਤੇ ਜੜ੍ਹਾਂ ਕਮਜ਼ੋਰ ਹੋ ਗਈਆਂ ਹਨ। ਇਸ ਕਰਕੇ ਇਨ੍ਹਾਂ ਬੂਟਿਆਂ ਨੂੰ ਮਿੱਟੀ ਵਿੱਚੋਂ ਖੁਰਾਕੀ ਤੱਤ ਲੋੜੀਂਦੀ ਮਾਤਰਾ ਵਿੱਚ ਨਹੀਂ ਮਿਲ ਰਹੇ ਅਤੇ ਫਸਲ ਪੀਲੀ ਪੈ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਕੋਈ ਇਲਾਜ ਨਹੀਂ ਹੈ ਅਤੇ ਇਸ ਵਾਇਰਸ ਨੂੰ ਅਗਾਂਹ ਫੈਲਾਉਣ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦੀ ਰੋਕਥਾਮ ਲਈ ਸਾਇੰਸਦਾਨਾਂ ਵੱਲੋਂ ਕੁਝ ਕੀਟਨਾਸ਼ਕਾਂ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਤ ਵਿੱਚ ਕੁਝ ਪੌਦਿਆਂ ਨੂੰ ਝੁਕਾਅ ਕੇ ਹੌਲੀ-ਹੌਲੀ 2-3 ਵਾਰ ਥਾਪੜਣ ਉਪਰੰਤ ਜੇਕਰ ਟਿੱਡਿਆਂ ਦੇ ਬੱਚੇ ਪਾਣੀ ’ਤੇ ਤੈਰਦੇ ਨਜ਼ਰ ਆਉਣ ਤਾਂ 94 ਮਿਲੀਲੀਟਰ ਪੈਕਸਾਲੋਨ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਹਤਰ ਨਤੀਜਿਆਂ ਲਈ ਛਿੜਕਾਅ ਕਰਨ ਸਮੇਂ ਨੋਜ਼ਲ ਦਾ ਰੁਖ ਮੁੱਢ ਵੱਲ ਹੋਣਾ ਚਾਹੀਦਾ ਹੈ।