ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 18 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ 11ਵੇਂ ਯੁਵਕ ਮੇਲੇ ਦਾ ਅੱਜ ਦੂਜਾ ਪੜ੍ਹਾਅ ਸ਼ੁਰੂ ਹੋਇਆ, ਜਿਸ ਵਿੱਚ ਸਟੇਜ ’ਤੇ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਲੋਕ ਗੀਤ ਦਾ ਮੁਕਾਬਲਾ ਕਾਲਜ ਆਫ ਫਿਸ਼ਰੀਜ਼ ਦੀ ਵਿਦਿਆਰਥਣ ਸੁਨੇਹਾ ਮੰਡਲ ਨੇ ਜਿੱਤਿਆ। ਸਮਾਗਮ ਵਿੱਚ ਰਾਸ਼ਟਰੀ ਪਸ਼ੂਧਨ ਮਿਸ਼ਨ ਸੰਯੁਕਤ ਸਕੱਤਰ ਅਤੇ ਚੇਅਰਮੈਨ ਜੀਵ ਭਲਾਈ ਬੋਰਡ,ਭਾਂਰਤ ਡਾ. ਓ.ਪੀ. ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਯੁਵਕ ਮੇਲੇ ਦਾ ਵਿਧੀਵਤ ਉਦਘਾਟਨ ਕੀਤਾ। ਪੀਏਯੂ ਦੇ ਉਪ ਕੁਲਪਤੀ ਡਾ. ਗੋਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਕਰੋਨਾ ਕਰਕੇ ਤਿੰਨ ਸਾਲ ਵਿਦਿਆਰਥੀ ਆਪਣੀ ਕਲਾਤਮਕ ਕੁਸ਼ਲਤਾ ਨਹੀਂ ਦਿਖਾ ਸਕੇ ਜੋ ਕਿ ਹੁਣ ਪ੍ਰਗਟ ਹੋ ਰਹੀ ਹੈ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਯੁਵਕ ਮੇਲਾ ਅਜਿਹਾ ਨਿਵੇਕਲਾ ਮੰਚ ਹੈ ਜਿੱਥੇ ਵਿਦਿਆਰਥੀਆਂ ਦੇ ਛੁਪੇ ਹੋਏ ਗੁਣ ਵੀ ਸਾਹਮਣੇ ਆ ਜਾਂਦੇ ਹਨ। ਇਸ ਮੌਕੇ ਆਈਟੀਪੀ ਦੇ ਡੀਆਈਜੀ ਡਾ. ਟੇਕ ਚੰਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅੱਜ ਲੋਕ ਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤੇ ਭਾਰਤੀ ਸਮੂਹ ਗਾਨ ਦੇ ਮੁਕਾਬਲੇ ਕਰਵਾਏ ਗਏ। ਅੱਜ ਹੋਏ ਲੋਕ ਗੀਤ ਮੁਕਾਬਲੇ ਵਿੱਚ ਕਾਲਜ ਆਫ ਫਿਸ਼ਰੀਜ਼ ਦੀ ਸਨੇਹਾ ਮੰਡਲ ਨੇ ਪਹਿਲਾ, ਖਾਲਸਾ ਕਾਲਜ ਆਫ ਵੈਟਰਨਰੀ ਸਾਇੰਸ ਅੰਮ੍ਰਿਤਸਰ ਦੀ ਜਸਲੀਨ ਜੌਹਲ ਨੇ ਦੂਜਾ, ਜਦਕਿ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਸਾਹਿਲ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਚਨਾਤਮਕ ਨਾਚ ਵਿੱਚ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀ ਅਨਵੀ ਮਹਾਜਨ ਨੇ ਪਹਿਲਾ, ਕਾਲਜ ਆਫ ਫਿਸ਼ਰੀਜ਼ ਦੀ ਪ੍ਰਭਲੀਨ ਕੌਰ ਨੇ ਦੂਜਾ ਜਦਕਿ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦਾ ਆਦਿਤਯ ਬੱਗਾ ਨੇ ਤੀਜਾ ਸਥਾਨ ਹਾਸਲ ਤੀਕਾ। ਡਾ. ਅਪਮਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ 19 ਅਕਤੂਬਰ ਨੂੰ ਮਾਈਮ, ਸਕਿਟ, ਇਕਾਂਗੀ ਨਾਟਕ ਅਤੇ ਮਿਮਕਰੀ ਦੇ ਮੁਕਾਬਲੇ ਹੋਣਗੇ।
ਲੜਕੀਆਂ ਦੇ ਸਰਕਾਰੀ ਕਾਲਜ ਨੇ ਜਿੱਤਿਆ ਗਰੁੱਪ ਡਾਂਸ ਮੁਕਾਬਲਾ
ਪੰਜਾਬ ਯੂਨੀਵਰਸਿਟੀ ਦੇ ਜ਼ੋਨ-ਬੀ ਦੇ ਯੁਵਕ ਅਤੇ ਵਿਰਾਸਤੀ ਮੇਲੇ ਦੌਰਾਨ ਹੋਏ ਗਰੁੱਪ ਡਾਂਸ ਮੁਕਾਬਲੇ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੀ ਟੀਮ ਜੇਤੂ ਰਹੀ, ਜਦਕਿ ਕਲਾਸੀਕਲ ਡਾਂਸ ਵਿੱਚ ਰਾਮਗੜ੍ਹੀਆ ਕਾਲਜ ਦੀ ਰੂਬੀਨਾ ਨੇ ਬਾਜ਼ੀ ਮਾਰੀ। ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਚੱਲ ਰਹੇ ਮੁਕਾਬਲਿਆਂ ਦੇ ਅੱਜ ਚੌਥੇ ਦਿਨ ਕਲਾਸੀਕਲ ਡਾਂਸ ਵਿੱਚ ਰਾਮਗੜ੍ਹੀਆ ਕਾਲਜ ਦੀ ਰੂਬੀਨਾ ਨੇ ਪਹਿਲਾ, ਖਾਲਸਾ ਕਾਲਜ ਫਾਰ ਵਿਮੈਨ ਦੀ ਸ਼ਿਵਾਨੀ ਨੇ ਦੂਜਾ, ਗਰੁੱਪ ਡਾਂਸ ਵਿੱਚ ਸਰਕਾਰੀ ਕਾਲਜ ਦੀ ਟੀਮ ਅਪੁਰਵਾ, ਸੰਜਨਾ, ਪਰਾਚੀ, ਵਿਸ਼ਾਲੀ ਅੰਜਲੀ, ਯੁਵਿਕਾ, ਸੇਜਲ, ਜਸਪ੍ਰੀਤ, ਸ੍ਰਿਸ਼ਟੀ ਅਤੇ ਝਲਕ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਕਵੀਸ਼ਰੀ ਵਿੱਚ ਲੜਕੀਆ ਦੇ ਸਰਕਾਰੀ ਕਾਲਜ ਦੀ ਟੀਮ, ਕਲੀ ਵਿੱਚ ਰਾਮਗੜ੍ਹੀਆ ਕਾਲਜ, ਵਾਰ ਵਿੱਚ ਡੀਡੀ ਜੈਨ ਮੈਮੋਰੀਅਲ ਕਾਲਜ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਮੌਕੇ ’ਤੇ ਪੇਂਟਿੰਗ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੀ ਨੇਹਾ, ਫੋਟੋਗ੍ਰਾਫੀ ਵਿੱਚ ਸਰਕਾਰੀ ਕਾਲਜ ਦੀ ਜਸਮੀਤ ਕੌਰ, ਕੋਲਾਜ਼ ਮੇਕਿੰਗ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਦੀ ਦ੍ਰਿਸ਼ਟੀ, ਕਲੇਅ ਮਾਡਲਿੰਗ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੀ ਸੁਜਾਤਾ, ਰੰਗੋਲੀ ਵਿੱਚ ਰਾਮਗੜ੍ਹੀਆ ਕਾਲਜ ਦੀ ਨੀਲਮ ਕੁਮਾਰੀ ਅਤੇ ਕਾਰਟੂਨਿੰਗ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੀ ਨੁਪੁਰ ਚੌਧਰੀ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਪੋਸਟਰ ਮੇਕਿੰਗ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਪ੍ਰਿਯੰਕਾ ਅਤੇ ਇੰਸਟਾਲੇਸ਼ਨ ਵਿੱਚ ਖਾਲਸਾ ਦਾਲਜ ਫਾਰ ਵਿਮੈਨ ਦੀ ਟੀਮ ਨੇ ਪਹਿਲੇ ਸਥਾਨ ਹਾਸਲ ਕੀਤੇ।