ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਮਈ
ਬਾਬਾ ਵਿਸ਼ਵਕਰਮਾ ਕੌਮਾਂਤਰੀ ਫਾਊਂਡੇਸ਼ਨ ਦੀ ਮੀਟਿੰਗ ਚੇਅਰਮੈਨ ਅਮਰੀਕ ਸਿੰਘ ਘੜਿਆਲ ਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਦੀ ਅਗਵਾਈ ਹੇਠ ਹੋਈ। ਇਸ ਵਿੱਚ ‘ਆਪ’ ਲੁਧਿਆਣਾ ਦੇ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਉਨ੍ਹਾਂ ਰਾਮਗੜ੍ਹੀਆ ਸਮਾਜ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਰੇਸ਼ਮ ਸਿੰਘ ਸੱਗੂ ਨੇ ਦੱਸਿਆ ਕਿ ਹਲਕਾ ਆਤਮ ਨਗਰ ਵਿੱਚ ਰਾਮਗੜ੍ਹੀਆ ਬਰਾਦਰੀ ਦੀ 70 ਫ਼ੀਸਦੀ ਵੋਟ ਹੈ ਪਰ ਲੰਮੇ ਸਮੇਂ ਤੋਂ ਬਰਾਦਰੀ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਜ ਨੂੰ ਟਿਕਟਾਂ ਦੇਣ ਸਮੇਂ ਹਮੇਸ਼ਾਂ ਹੀ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮਾਜ ਨਾਲ ਸਬੰਧਤ ਮਹਾਨ ਯੋਧੇ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਵਿਸ਼ਵਕਰਮਾ ਦੀ ਕੋਈ ਯਾਦਗਾਰ ਨਹੀਂ ਬਣਾਈ ਅਤੇ ਨਾ ਹੀ ਰਾਮਗੜ੍ਹੀਆ ਬੋਰਡ ਵਿੱਚ ਲੁਧਿਆਣੇ ਵਿੱਚੋਂ ਕਿਸੇ ਨੂੰ ਨੁਮਾਇੰਦਗੀ ਦਿੱਤੀ ਜਿਸ ਕਾਰਨ ਰਾਮਗੜ੍ਹੀਆ ਸਮਾਜ ਦੀ ਨਾਰਾਜ਼ਗੀ ਦਾ ਪਿਛਲੀਆਂ ਸਰਕਾਰਾਂ ਵਾਂਗ ਇਸ ਨੂੰ ਵੀ ਨੁਕਸਾਨ ਝੱਲਣਾ ਪਵੇਗਾ।
ਉਨ੍ਹਾਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਰਾਮਗੜ੍ਹੀਆ ਸਮਾਜ ਦੀ ਤਰੱਕੀ ਅਤੇ ਵਿਕਾਸ ਲਈ ਤੁਰੰਤ ਕਦਮ ਚੁੱਕੇ ਤਾਂ ਜੋ ਇਸ ਵਰਗ ਨੂੰ ਰਾਹਤ ਮਿਲ ਸਕੇ। ਉਨ੍ਹਾਂ ਪੰਜਾਬ ਵਿੱਚ ਨੌਜਵਾਨਾਂ ਲਈ ਨਵੇਂ ਉਦਯੋਗਾਂ ਲਈ ਸਰਲ ਨੀਤੀ ਤਹਿਤ ਪਹਿਲਕਦਮੀ ਕਰਨ ਦੀ ਮੰਗ ਵੀ ਕੀਤੀ।
ਇਸ ਮੌਕੇ ਸ੍ਰੀ ਮੱਕੜ ਨੇ ਭਰੋਸਾ ਦਿੱਤਾ ਕਿ ਉਹ ਰਾਮਗੜ੍ਹੀਆ ਸਮਾਜ ਦੀਆਂ ਮੁਸ਼ਕਲਾਂ ਦੇ ਹੱਲ ਲਈ ਚੋਣ ਪ੍ਰਕਿਰਿਆ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ ਅਤੇ ਹੱਲ ਕੱਢਣ ਲਈ ਦਬਾਅ ਪਾਉਣਗੇ। ਇਸ ਮੌਕੇ ਜਸਵੀਰ ਸਿੰਘ ਜੱਸਲ, ਯਸ਼ਪਾਲ ਸ਼ਰਮਾ, ਅਵਤਾਰ ਸਿੰਘ ਚਾਨੇ, ਕੁਲਵੰਤ ਸਿੰਘ ਜਗਦੇਵ ਅਤੇ ਸੁਖਦੇਵ ਸਿੰਘ ਮਠਾੜੂ ਵੀ ਹਾਜ਼ਰ ਸਨ।