ਲਖਵੀਰ ਸਿੰਘ ਚੀਮਾ
ਟੱਲੇਵਾਲ, 11 ਮਈ
ਪਿੰਡ ਪੱਖੋਕੇ ਅਤੇ ਮੱਲ੍ਹੀਆਂ ਦੀ ਸਾਂਝੀ ਸਹਿਕਾਰੀ ਸਭਾ ਦੇ ਗਬਨ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਕਾਰਨ ਪਿੰਡ ਵਾਸੀ ਨਿਰਾਸ਼ ਹਨ ਜਿਸ ਕਰਕੇ ਸਬੰਧਤ ਵਿਭਾਗ ਵਿਰੁੱਧ ਤਿੱਖੇ ਸੰਘਰਸ਼ ਤੋਂ ਇਲਾਵਾ ਚੋਣਾਂ ਵਿੱਚ ਸਿਆਸੀ ਲੋਕਾਂ ਨੂੰ ਇਸ ਮਾਮਲੇ ’ਤੇ ਘੇਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਪੀੜਤਾਂ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਪਿੰਡ ਦੇ ਗੁਰੂਘਰ ਵਿੱਚ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਗੁਰਨਾਮ ਸਿੰਘ ਭੋਤਨਾ ਅਤੇ ਪਿੰਡ ਦੀ ਸੰਘਰਸ਼ ਕਮੇਟੀ ਕਨਵੀਨਰ ਗੁਰਚਰਨ ਸਿੰਘ ਤੇ ਬਲਬੀਰ ਦੀ ਅਗਵਾਈ ਵਿੱਚ ਹੋਈ। ਆਗੂਆਂ ਨੇ ਕਿਹਾ ਕਿ ਵਿਭਾਗਾਂ ਅਤੇ ਬਰਨਾਲਾ ਪ੍ਰਸ਼ਾਸਨ ਵੱਲੋਂ ਕਰੀਬ ਦੋ ਸਾਲਾਂ ਤੋਂ ਇਸ ਮਾਮਲੇ ਦਾ ਪੀੜਤ ਕਿਸਾਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਆਡਿਟ ਵਿਭਾਗ ਬਰਨਾਲਾ ਨੂੰ ਪਹਿਲਾਂ ਵੀ ਕਈ ਵਾਰ ਮਿਲ ਕੇ ਸਭਾ ਦਾ ਆਡਿਟ ਸਹੀ ਕਰਨ ਲਾਈ ਬੇਨਤੀ ਕੀਤੀ ਗਈ ਸੀ। ਆਗੂਆਂ ਨੇ ਕਿਹਾ ਕਿ ਪੀੜਤ ਕਿਸਾਨਾਂ ਨੂੰ ਨਾਲ ਲੈ ਕੇ ਆਡਿਟ ਵਿਭਾਗ ਬਰਨਾਲਾ ਦੇ ਵਿਰੁੱਧ ਵੱਡਾ ਸੰਘਰਸ਼ ਸੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗ਼ਬਨ ਮਾਮਲੇ ਪ੍ਰਤੀ ਪਿੰਡਾਂ ਚ ਵੋਟਾਂ ਮੰਗਣ ਆ ਰਹੇ ਰਾਜਨੀਤਕ ਲੋਕਾਂ ਨੂੰ ਵੀ ਸਵਾਲ ਕੀਤੇ ਜਾਣਗੇ। ਇਸ ਸਮੇਂ ਬੀਕੇਯੂ ਕਾਦੀਆਂ ਦੇ ਗੁਰਪ੍ਰੀਤ ਸਿੰਘ, ਨਾਇਬ ਸਿੰਘ, ਲਾਭ ਸਿੰਘ, ਬਚਿੱਤਰ ਸਿੰਘ, ਦਰਸ਼ਨ ਸਿੰਘ ਅਤੇ ਜਗਮੋਹਨ ਸਿੰਘ ਹਾਜ਼ਰ ਸਨ।