ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਗਸਤ
ਸ਼ਿਮਲਾਪੁਰੀ ਇਲਾਕੇ ਦੇ ਪ੍ਰੀਤ ਨਗਰ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਇਲਾਕੇ ਦੀਆਂ ਔਰਤਾਂ ਵਿਰੋਧ ਕਰਨ ਲਈ ਪੁੱਜੀਆਂ ਜਿਨ੍ਹਾਂ ਨੇ ਪੁਲੀਸ ਦੇ ਸਾਹਮਣੇ ਹੀ ਸ਼ਰਾਬ ਦੇ ਠੇਕੇ ਤੋਂ ਬਾਹਰ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੇਰ ਰਾਤ ਸ਼ਰਾਬ ਦੇ ਠੇਕੇ ਦੇ ਬਾਹਰ ਬੈਠ ਕੇ ਧਰਨਾ ਦਿੱਤਾ। ਮੌਕੇ ’ਤੇ ਪੁਲੀਸ ਵੀ ਪੁੱਜੀ, ਪਰ ਲੋਕਾਂ ਨੇ ਪੁਲੀਸ ਦੀ ਇੱਕ ਨਾ ਚੱਲਣ ਦਿੱਤੀ। ਇਲਾਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਪਹਿਲਾਂ ਹੀ ਲੋਕ ਨਸ਼ਿਆਂ ਦੀ ਸਮੱਸਿਆ ਕਾਰਨ ਬਹੁਤ ਪ੍ਰੇਸ਼ਾਨ ਹਨ ਤੇ ਉਪਰੋਂ ਸਰਕਾਰ ਗਲੀ-ਗਲੀ ਠੇਕੇ ਖੁੱਲ੍ਹਵਾ ਰਹੀ ਹੈ। ਇਸ ਤਰ੍ਹਾਂ ਕਿਵੇਂ ਮੁੱਖ ਮੰਤਰੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਣਗੇ?
ਸ੍ਰੀ ਕਲੇਰ ਨੇ ਕਿਹਾ ਕਿ ਜਿਸ ਜਗ੍ਹਾ ਇਹ ਸ਼ਰਾਬ ਦਾ ਠੇਕਾ ਖੁੱਲ੍ਹ ਰਿਹਾ ਹੈ, ਉੱਥੇ ਸਕੂਲ ਬਿਲਕੁਲ ਨੇੜੇ ਹੈ। ਵਿਦਿਆਰਥੀ ਠੇਕੇ ਦੇ ਬਾਹਰ ਤੋਂ ਲੰਘਣਗੇ ਤਾਂ ਉਨ੍ਹਾਂ ’ਤੇ ਗਲਤ ਪ੍ਰਭਾਵ ਪਵੇਗਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲੀਸ ਮੁਹੱਲੇ ਦੇ ਲੋਕਾਂ ’ਤੇ ਕੇਸ ਦਰਜ ਕਰ ਦੇਵੇ, ਪਰ ਉਹ ਸ਼ਰਾਬ ਦਾ ਠੇਕਾ ਖੁੱਲ੍ਹਣ ਨਹੀਂ ਦੇਣਗੇ।
ਲੋਕਾਂ ਨੇ ਦੋਸ਼ ਲਾਇਆ ਕਿ ਸ਼ਰਾਬ ਦੇ ਠੇਕਾ ਮਾਲਕ ਦੇ ਕਰਿੰਦਿਆਂ ਨੇ ਲੋਕਾਂ ਨਾਲ ਗੁੰਡਾਗਰਦੀ ਵੀ ਕੀਤੀ ਹੈ। ਕੌਂਸਲਰ ਕਲੇਰ ਨੇ ਕਿਹਾ ਕਿ ਇਲਾਕੇ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਲੋਕਾਂ ਦੇ ਨਾਲ ਉਹ ਵੀ ਧਰਨੇ ’ਚ ਸ਼ਾਮਲ ਹਨ ਅਤੇ ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਲੋਕਾਂ ਵੱਲੋਂ ਸ਼ਰਾਬ ਦੇ ਠੇਕੇ ਖ਼ਿਲਾਫ਼ ਧਰਨਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਰਤਨਹੇੜੀ ਰੋਡ ’ਤੇ ਪਿਛਲੇ ਲੰਮੇ ਸਮੇਂ ਤੋਂ ਖੁੱਲ੍ਹੇ ਸ਼ਰਾਬ ਦੇ ਠੇਕੇ ਖਿਲਾਫ਼ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਰਾਜਦੀਪ ਕੌਰ, ਸੁਰੇਸ਼ ਕੁਮਾਰੀ ਅਤੇ ਬਲਜੀਤ ਕੌਰ ਨੇ ਕਿਹਾ ਕਿ ਜਿਸ ਥਾਂ ’ਤੇ ਠੇਕਾ ਖੁੱਲ੍ਹਾ ਹੈ, ਉਹ ਰਿਹਾਇਸ਼ੀ ਇਲਾਕਾ ਹੈ। ਠੇਕੇ ’ਤੇ ਲੋਕ ਸ਼ਰਾਬ ਪੀਣ ਆਉਂਦੇ ਹਨ ਅਤੇ ਆਲੇ- ਦੁਆਲੇ ਘਰਾਂ ਦੇ ਬਾਹਰ ਗੰਦਗੀ ਫੈਲਾਉਂਦੇ ਹਨ। ਔਰਤਾਂ ਨੂੰ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਜਦੋਂ ਇਹ ਠੇਕਾ ਇਸ ਥਾਂ ਖੋਲ੍ਹਿਆ ਗਿਆ ਸੀ, ਉਸ ਸਮੇਂ ਅਬਾਦੀ ਬਹੁਤ ਘੱਟ ਸੀ ਪਰ ਹੁਣ ਇੱਥੇ ਵਸੋਂ ਬਹੁਤ ਵਧ ਗਈ ਹੈ। ਠੇਕਾ ਤਬਦੀਲ ਕਰਨ ਸਬੰਧੀ ਐੱਸਡੀਐੱਮ ਮਨਜੀਤ ਕੌਰ ਅਤੇ ਐੱਸਐੱਸਪੀ ਰਵੀ ਕੁਮਾਰ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਤੋਂ ਦੁਖੀ ਲੋਕਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਠੇਕਾ ਜਲਦ ਤਬਦੀਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸਾਸਨ ਸਿਰ ਹੋਵੇਗੀ।