ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਮਈ
ਇੰਟਰਨੈਸ਼ਨਲ ਪੰਥਕ ਦਲ ਦੀ ਅਗਵਾਈ ਹੇਠ ਪੰਥਕ ਜਥੇਬੰਦੀਆਂ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਵੱਲੋਂ ਥਾਂ ਥਾਂ ਮੀਟਿੰਗਾਂ ਕਰਕੇ ਵੋਟਰਾਂ ਤੋਂ ਸਮਰਥਨ ਮੰਗਿਆ ਜਾ ਰਿਹਾ ਹੈ। ਕਮਲਜੀਤ ਸਿੰਘ ਬਰਾੜ ਨੇ ਅੱਜ ਫਿਰੋਜ਼ਪੁਰ ਰੋਡ ਦੇ ਇਲਾਕਿਆਂ ਬੱਦੋਵਾਲ, ਇਯਾਲੀ ਚੌਕ, ਅਮਨ ਨਗਰ ਅਤੇ ਹਸਨਪੁਰ ਨੇੜੇ ਵੋਟਰਾਂ ਨਾਲ ਸੰਪਰਕ ਕਰਦਿਆਂ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਲੋਕਾਂ ਦਾ ਫਤਵਾ ਹਾਸਲ ਕਰਨ ਤੋਂ ਬਾਅਦ ਪਾਰਲੀਮੈਂਟ ਵਿੱਚ ਪੁੱਜ ਕੇ ਪੰਜਾਬ ਅਤੇ ਪੰਥ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਕਰਾਉਣ ਅਤੇ ਪੰਜਾਬ ਦੇ ਮੁੱਖ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਪੂਰੀ ਵਾਹ ਲਗਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਥ ਅਤੇ ਪੰਜਾਬ ਪੱਖੀ ਸੋਚ ਨੂੰ ਲੈ ਕੇ ਲੋਕ ਸਭਾ ਚੋਣ ਲੜ ਰਹੇ ਹਨ ਕਿਉਂਕਿ ਰਵਾਇਤੀ ਪਾਰਟੀਆਂ ਨੇ ਪਾਰਲੀਮੈਂਟ ਵਿੱਚ ਪੰਥ ਅਤੇ ਪੰਜਾਬ ਦੀ ਕਦੀ ਵੀ ਗੱਲ ਨਹੀਂ ਕੀਤੀ ਸਗੋਂ ਇਕਜੁੱਟ ਹੋ ਕੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਭਾਜਪਾ, ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ’ਤੇ ਵੀ ਕਈ ਸਵਾਲ ਖੜ੍ਹੇ ਕੀਤੇ।