ਗਗਨਦੀਪ ਅਰੋੜਾ
ਲੁਧਿਆਣਾ, 8 ਫਰਵਰੀ
ਅਦਾਲਤ ਵਿੱਚ ਚੋਣ ਪ੍ਰਚਾਰ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ, ਲੜਕੇ ਤੇ ਭਤੀਜੇ ਦੇ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਲੁਧਿਆਣਾ ਪੁਲੀਸ ਕਾਂਗਰਸ ਸਰਕਾਰ ਦੀ ਕਠਪੁਤਲੀ ਬਣ ਚੁੱਕੀ ਹੈ। ਕਾਂਗਰਸ ਦੀ ਇਸ ਧੱਕੇਸ਼ਾਹੀ ਦਾ ਜਵਾਬ ਹਲਕਾ ਆਤਮ ਨਗਰ ਤੇ ਦੱਖਣੀ ਦੇ ਵੋਟਰ ਹੀ ਦੇਣਗੇ। 20 ਫਰਵਰੀ ਨੂੰ ਵੋਟ ਪਾ ਇਸਦਾ ਵੋਟਰ ਜਵਾਬ ਦੇਣਗੇ ਤੇ 10 ਮਾਰਚ ਨੂੰ ਸਾਰੀ ਸਚਾਈ ਸਾਹਮਣੇ ਆ ਜਾਵੇਗੀ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਚੋਣ, ਡਰ ਮੁਕਤ ਨਾ ਹੋਵੇ, ਇਸ ਲਈ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ। ਹਲਕਾ ਆਤਮ ਨਗਰ ਦੇ ਲੋਕ ਉਨ੍ਹਾਂ ਦਾ ਵਹਿਮ ਜ਼ਰੂਰ ਕੱਢਣਗੇ। ਉਨ੍ਹਾਂ ’ਤੇ ਤੇ ਉਨ੍ਹਾਂ ਦੇ ਸਾਥੀਆਂ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਗੋਲੀਆਂ ਕਾਂਗਰਸੀਆਂ ਨੇ ਚਲਾਈਆਂ ਅਤੇ ਪੱਥਰਬਾਜ਼ੀ ਪਹਿਲਾਂ ਉਨ੍ਹਾਂ ਨੇ ਸ਼ੁਰੂ ਕੀਤੀ, ਪਰ ਪੁਲੀਸ ਨੇ ਝੂਠਾ ਕੇਸ ਉਨ੍ਹਾਂ ਦੇ, ਉਨ੍ਹਾਂ ਦੇ ਲੜਕੇ, ਭਰਾਵਾਂ ਤੇ ਭਤੀਜੇ ਸਮੇਤ ਸਾਰੇ ਸਾਥੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਬੈਂਸ ਨੇ ਦੋਸ਼ ਲਾਇਆ ਕਿ ਇਹ ਸਾਰਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ।
ਪੁਲੀਸ ਕਮਿਸ਼ਨਰ ਨੂੰ ਮਿਲੇ ਬਲਵਿੰਦਰ ਬੈਂਸ
ਹਲਕਾ ਦੱਖਣੀ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਨੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਜਿਹੇ ਲੋਕਾਂ ਨੂੰ ਨਾਮਜ਼ਦ ਕਰ ਦਿੱਤਾ ਜੋ ਮੌਕੇ ’ਤੇ ਮੌਜੂਦ ਵੀ ਨਹੀਂ ਸਨ। ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲੀਸ ਨੇ ਧੱਕੇਸ਼ਾਹੀ ਕੀਤੀ ਹੈ। ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਨੂੰ ਆਖਿਆ ਗਿਆ ਹੈ ਕਿ ਸਾਰੀ ਵੀਡੀਓ ਦੇਖ ਲੈਣ ਅਤੇ ਜਾਂਚ ਕਰਨ ਤਾਂ ਕਿ ਸਚਾਈ ਦਾ ਪਤਾ ਲੱਗ ਸਕੇ। ਜਿਨ੍ਹਾਂ ਲੋਕਾਂ ਦੇ ਨਾਂ ਉਨ੍ਹਾਂ ਨੂੰ ਦਿੱਤੇ ਗਏ ਹਨ ਪਰ ਉਹ ਮੌਕੇ ’ਤੇ ਸਨ ਤਾਂ ਉਹ ਆਪਣੀ ਰਾਜਨੀਤੀ ਹੀ ਛੱਡ ਦੇਣਗੇ।