ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਸਾਹਨੇਵਾਲ ਦੇ ਗਿਆਸਪੁਰਾ ਇਲਾਕੇ ’ਚ ਵੀਰਵਾਰ ਦੀ ਦੇਰ ਰਾਤ ਨੂੰ ਸ਼ਰਾਬ ਦੇ ਨਸ਼ੇ ’ਚ 2 ਨੌਜਵਾਨਾਂ ਨੇ ਸ਼ਲਿੰਦਰ ਕੁਮਾਰ ਦੇ ਨਾਲ ਕੁੱਟਮਾਰ ਕਰ ਉਸਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਅਤੇ ਚੌਂਕੀ ਕੰਗਣਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸ਼ਲਿੰਦਰ ਦੇ ਗੁਆਂਢੀ ਵਿਸ਼ਾਲ ਤੇ ਉਸਦੇ ਭਰਾ ਆਸ਼ੂਤੋਸ਼ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਮਗਰੋਂ ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲੀਸ ਨੇ ਇਸ ਦੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਾਸੀ ਸ਼ਲਿੰਦਰ ਦੇ ਪਰਿਵਾਰ ਵਾਲਿਆਂ ਨੂੰ ਵੀ ਦੇ ਦਿੱਤੀ ਹੈ। ਥਾਣਾ ਸਾਹਨੇਵਾਲ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਵਿਸ਼ਾਲ ਤੇ ਉਸਦਾ ਭਰਾ ਵੀਰਵਾਰ ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ। ਦੋਵਾਂ ਦਾ ਗੁਆਂਢੀ ਤਫ਼ਾਨ ਨਾਮ ਦੇ ਨੌਜਵਾਨ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਤੇ ਦੋਵੇਂ ਉਸ ਨਾਲ ਕੁੱਟਮਾਰ ਕੀਤੀ। ਇਸੇ ਦੌਰਾਨ ਸ਼ਲਿੰਦਰ ਵਿੱਚ ਬਚਾਅ ਲਈ ਗਿਆ। ਮੁਲਜ਼ਮ ਤਫ਼ਾਨ ਨੂੰ ਛੱਡ ਕੇ ਸ਼ਲਿੰਦਰ ਪਿੱਛੇ ਪੈ ਗਏ ਤੇ ਸ਼ਲਿੰਦਰ ਨਾਲ ਕੁੱਟਮਾਰ ਕਰਕੇ ਉਸ ਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ, ਿਜਸ ਦੀ ਬਾਅਦ ਵਿੱਚ ਮੌਤ ਹੋ ਗਈ।