ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੁਲਾਈ
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਅਹਿਮ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿੱਚ ਡਾ. ਗੁਲਜ਼ਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਫਾਰਮ ਭਰੇ ਗਏ ਅਤੇ ਪੁਰਾਣੇ ਮੈਂਬਰਾਂ ਨੂੰ ਨਵਿਆਉਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਮੌਕੇ ਇਹ ਵੀ ਚਰਚਾ ਹੋਈ ਕਿ ਸਾਹਿਤਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਸਮਝੌਤੇ ਦਾ ਮਤਲਬ ਗੈਰ ਜਮਹੂਰੀ ਰੁਝਾਨ ਹੀ ਹੈ ਜੋ ਸਾਹਿਤਕਾਰਾਂ ਨੂੰ ਚੁਣਨ ਦੇ ਹੱਕ ਤੋਂ ਬਾਂਝਾ ਕਰਦਾ ਹੈ। ਇਸ ਉਪਰੰਤ ਰਚਨਾਵਾਂ ਦਾ ਦੌਰ ਚੱਲਿਆ ਜਿਸ ਵਿੱਚ ਇੰਦਰਜੀਤਪਾਲ ਕੌਰ ਨੇ ਕਹਾਣੀ ‘ਸੀਮਾ ਰੇਖਾ’, ਜਸਪ੍ਰੀਤ ਕੌਰ ਫਲਕ ਨੇ ‘ਬਿੰਦੀ ਨੁਮਾਂ ਚੰਦ’ ਅਤੇ ‘ਬੀਤੇ ਪਲ’ ਕਵਿਤਾਵਾਂ, ਭਗਵਾਨ ਢਿੱਲੋਂ ਨੇ ‘ਕਾਬਲੀਵਾਲਾ ਉਦਾਸ ਹੈ’, ਗੁਰਸ਼ਰਨ ਸਿੰਘ ਨਰੂਲਾ ਨੇ ‘ਬੱਲੇ ਦੇਸ਼ ਦੇ ਹਾਕਮਾ ਉਏ ਸਦਕੇ ਜਾਵਾਂ’, ਡਾ. ਗੁਲਜ਼ਾਰ ਸਿੰਘ ਪੰਧੇਰ ਨੇ ‘ਤੂੰ ਵੀ ਲਿਖ ਕਵਿਤਾਵਾਂ’, ਰਘਵੀਰ ਸਿੰਘ ਸੰਧੂ ਨੇ ਗ਼ਜ਼ਲ ਜਦਕਿ ਭੁਪਿੰਦਰ ਸਿੰਘ ਚੌਂਕੀਮਾਨ ਨੇ ਮੌਲਿਕ ਚੁਟਕਲੇ ਨਾਲ ਆਪਣੀ ਹਾਜ਼ਰੀ ਲਵਾਈ। ਅਖੀਰ ਵਿੱਚ ਸਾਹਿਤਕਾਰ ਦਰਸ਼ਨ ਸਿੰਘ ਢੋਲਣ ਦਾ ਗੀਤ ਸੰਗ੍ਰਹਿ ‘ਭਰੂਣ ਦੀ ਪੁਕਾਰ’ ਲੋਕ ਅਰਪਣ ਕੀਤੀ ਗਈ।
ਮਹਿਫ਼ਿਲ-ਏ-ਅਦੀਬ ਸੰਸਥਾ ਦੀ ਇਕੱਤਰਤਾ
ਜਗਰਾਉਂ (ਪੱਤਰ ਪ੍ਰੇਰਕ): ਮਹਿਫ਼ਿਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਅਰੰਭਤਾ ’ਚ ਭਰਾਤਰੀ ਸੰਸਥਾ ਸਾਹਿਤ ਸਭਾ ਜਗਰਾਉਂ ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰੋ. ਕਰਮ ਸਿੰਘ ਸੰਧੂ ਅਤੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ । ਉਪਰੰਤ ਰਚਨਾਵਾਂ ਦਾ ਦੌਰ ਸ਼ੁਰੂ ਕਰਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਮਨੀ ਹਠੂਰ ਨੂੰ ਆਪਣੀ ਰਚਨਾ ਦੀ ਪੇਸ਼ਕਾਰੀ ਲਈ ਸੱਦਾ ਦਿੱਤਾ ਮਨੀ ਨੇ ‘ਮਾਂ ਤੂੰ ਸੱਚਮੁੱਚ ਰਾਣੀ ਮਾਂ’ ਗੀਤ ,ਬੇਬੀ ਮਾਹੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਯਾਦ ਕਰਦਿਆਂ ਗੀਤ,ਕਾਨਤਾ ਦੇਵੀ ਨੇ ਵੀ ਗੀਤ ‘ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ’,ਕੈਪਟਨ ਪੂਰਨ ਸਿੰਘ ਗਗੜਾ ਨੇ ‘ਪਿਆਰ ਮੁਹੱਬਤ ਪਹਿਲਾਂ ਵਾਲਾ ਹੁਣ ਨਾ ਦਿਲਾਂ ਵਿਚ ਰਹਿ ਗਿਆ’ ਕਵਿਤਾ, ਜਗਦੀਸ਼ਪਾਲ ਮਹਿਤਾ ਗੀਤ ‘ਸੁੱਟ ਦਿਉ ਹਥਿਆਰ ਜੁਆਨੋ’,ਮਹਿੰਦਰ ਸਿੰਘ ਸਿੱਧੂ ਨੇ ’ਅਬਾਦੀ ਦਿਵਸ’ ਨਾਲ ਸਬੰਧਤ ਰਚਨਾ ‘ਕੁੱਲੀ ਜੁੱਲੀ ਗੁੱਲੀ ਦਾ ਹੱਕ ਸਭ ਨੂੰ ਮਿਲਣਾ ਚਾਹੀਦਾ’ ਸੁਣਾਈ।