ਗਗਨਦੀਪ ਅਰੋੜਾ
ਲੁਧਿਆਣਾ, 23 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐੱਮਬੀਡੀ ਮਾਲ ਬਾਹਰ ਲਗਾਏ ਗਏ ਮੋਰਚੇ ਵਿੱਚ ਅੱਜ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਥਾਪਰ ਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਵਸ ਅੱਜ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਮਰਪਿਤ ਕਰਕੇ ਮਨਾਇਆ ਗਿਆ। ਯੂਨੀਅਨ ਵੱਲੋਂ ਰਿਲਾਇੰਸ ਦੇ ਸਾਰੇ ਸਟੋਰ ਬੰਦ ਕਰਵਾਏ ਗਏ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਗਰਾਹਾਂ ਵੱਲੋਂ ਲੁਧਿਆਣਾ-ਫਿਰੋਜ਼ਪੁਰ ਮੋਰਚੇ ’ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ, ਰਾਜਗੁਰੂ ਦਾ ਸ਼ਹੀਦੀ ਦਿਵਸ, ਅੱਜ ਦੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਮਰਪਿਤ ਮਨਾਇਆ ਗਿਆ।
ਜਗਰਾਉਂ (ਜਸਬੀਰ ਸ਼ੇਤਰਾ): ਜਗਰਾਉਂ ਰੇਲਵੇ ਸਟੇਸ਼ਨ ’ਤੇ ਲੱਗੇ ਕਿਸਾਨ ਮੋਰਚੇ ਦੇ 174ਵੇਂ ਦਿਨ ਅੱਜ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸੋਚ ’ਤੇ ਪਹਿਰਾ ਦੇਣ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਲੈਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦਾਂ ਨੇ ਸਾਮਰਾਜ ਨੂੰ ਨਿਸ਼ਾਨਾ ਬਣਾਇਆ ਸੀ ਤੇ ਅਸੀਂ ਕਿਸਾਨ ਆਗੂ ਵੀ ਆਪਣੀਆਂ ਜਵਾਨੀਆਂ ਸਾਮਰਾਜ ਵਿਰੁੱਧ ਕੁਰਬਾਨ ਕਰਨ ਲਈ ਤਿਆਰ ਹਾਂ। ਲੋਕ ਕਵੀ ਸ਼ਹੀਦ ਪਾਸ਼ ਅਤੇ ਹੰਸਰਾਜ ਸਮੇਤ ਨੇੜਲੇ ਪਿੰਡ ਲੋਧੀਵਾਲ ਦੇ ਕਿਸਾਨ ਸ਼ਹੀਦ ਬਲਕਰਨ ਸੰਧੂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ, ਰਾਜਿੰਦਰ ਸਿੰਘ ਫ਼ੌਜੀ, ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਹਜ਼ਾਰਾਂ ਨੌਜਵਾਨ ਦਿੱਲੀ ਦੇ ਬਾਰਡਰਾਂ ’ਤੇ ਸਾਮਰਾਜ ਦੀ ਦਲਾਲ ਮੋਦੀ ਹਕੂਮਤ ਨੂੰ ਵੰਗਾਰ ਰਹੇ ਹਨ, ਉਥੇ ਪੰਜਾਬ ਸਮੇਤ ਦੇਸ਼ ਭਰ ’ਚ ਸਵਾ ਸੌ ਦੇ ਕਰੀਬ ਸੰਘਰਸ਼ ਮੋਰਚਿਆਂ ’ਚ ਮਰਦਾਂ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਨੇ ਸ਼ਹੀਦਾਂ ਦੇ ਲੁੱਟ ਰਹਿਤ ਨਿਜ਼ਾਮ, ਸਮਾਜਵਾਦੀ ਸਮਾਜ ਸਿਰਜਣ ਦੇ ਆਦਰਸ਼ਾਂ ਨਾਲ ਅਪਣੀ ਸਾਂਝ ਮਜ਼ਬੂਤ ਕੀਤੀ ਹੈ। ਸ਼ਰਧਾਂਜਲੀ ਸਮਾਗਮ ’ਚ ਸਮੂਹ ਲੋਕਾਂ ਨੇ ਇਕ ਮਿੰਟ ਲਈ ਮੌਨ ਧਾਰ ਕੇ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਪ੍ਰਣ ਲਿਆ। ਧਰਮ ਸਿੰਘ ਸੂਜਾਪੁਰ, ਹਰਬੰਸ ਸਿੰਘ ਅਖਾੜਾ, ਪ੍ਰੋ. ਸੁਖਚਰਨਪ੍ਰੀਤ ਸਿੰਘ, ਸੁਰਜੀਤ ਦੌਧਰ, ਜਗਤ ਸਿੰਘ ਲੀਲਾਂ ਨੇ ਕਿਹਾ ਕਿ ਭਾਰਤ ਬੰਦ ਨੂੰ ਪੂਰੇ ਜ਼ੋਰ-ਸ਼ੋਰ ਨਾਲ ਸਫ਼ਲ ਬਣਾਉਣ ਲਈ ਪਿੰਡਾਂ ਦੇ ਪਿੰਡ ਸੜਕਾਂ ’ਤੇ ਆਉਣ।
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਦੇ ਚੌੜੇ ਬਾਜ਼ਾਰ ਨੇੜੇ ਨੌਘਰਾਂ ਮੁਹੱਲੇ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਵਿਚ ਅੱਜ ਉਨ੍ਹਾਂ ਦੇ 90ਵੇਂ ਸ਼ਹੀਦੀ ਦਿਹਾੜੇ ਮੌਕੇ ਪੁੱਜੇ ਆਮ ਲੋਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰਾਂ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਲੁਧਿਆਣਾ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ ਹਵਨ ਯੱਗ ਕੀਤਾ ਗਿਆ। ਸਮਾਗਮ ਨਾਰਥ ਜ਼ੋਨ ਕਲਚਰਲ ਸੈਂਟਰ (ਐੱਨ.ਜੈੱਡ.ਸੀ.ਸੀ.) ਪਟਿਆਲਾ ਵੱਲੋਂ ਇਹ ਸਮਾਗਮ ਰੱਖਿਆ ਗਿਆ ਸੀ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਭੈਣੀ ਬੜਿੰਗਾ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਮਾਗਮ ਕਰਵਾਇਆ ਗਿਆ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਬਾਹਰ ਆਰੰਭਿਆ ਸੰਘਰਸ਼ 174ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਤੇ ਵੱਖ ਵੱਖ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨ ਲਈ ਜਾਗਰੂਕ ਕੀਤਾ।
ਦੋਰਾਹਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀਆਂ ਪਿੰਡ ਪੱਧਰੀ ਇਕਾਈਆਂ ਵੱਲੋਂ ਨੌਜਵਾਨ ਸਭਾ ਕਰਵਾਈ ਗਈ, ਜਿਸ ਵਿਚ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਹੱਥਾਂ ਵਿਚ ਕਿਸਾਨੀ ਅੰਦੋਲਨ ਦੇ ਸਮਰਥਨ ਵਾਲੀਆਂ ਤਖ਼ਤੀਆਂ ਫੜ ਕੇ ਸ਼ਿਰਕਤ ਕੀਤੀ। ਇਸ ਮੌਕੇ ਗੁਰਮੀਤ ਕੌਰ ਅਤੇ ਜਸਵਿੰਦਰ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਪਿੰਡ ਕੋਟ ਪਨੈਚ ਅਤੇ ਰੁਪਾਲੋਂ ਵਿੱਚ ਵੀ ਕੇਸਰੀ ਦੁਪੱਟੇ ਅਤੇ ਦਸਤਾਰਾਂ ਸਜਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ੀ ਅਖਾੜੇ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਅਕੀਦਤ ਪੇਸ਼ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਫਾਂਸੀ ਚੜ੍ਹਨ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਕਿਤਾਬ ਦਾ ਜਿਹੜਾ ਪੰਨਾ ਮੋੜਿਆ ਸੀ, ਨੌਜਵਾਨਾਂ ਨੇ ਉਸ ਤੋਂ ਅੱਗੇ ਪੜ੍ਹਨਾ ਸ਼ੁਰੂ ਕੀਤਾ ਹੈ ਅਤੇ ਇਹੀ ਦੇਸ਼ ਦੀ ਹਕੂਮਤ ਨੂੰ ਹਜ਼ਮ ਨਹੀਂ ਹੋ ਰਿਹਾ।
ਤਿੰਨ ਸਾਲ ਉਪਰੰਤ ਨਹੀਂ ਮਿਲੀ ਸ਼ਹੀਦ ਸੁਖਦੇਵ ਦੇ ਘਰ ਲਈ ਐਲਾਨ ਹੋਈ ਰਾਸ਼ੀ
ਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ 2018 ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੀ ਦੇਖ-ਰੇਖ ਲਈ ਇੱਕ ਕਰੋੜ ਰੁਪਏ ਦਾ ਐਲਾਨ ਕੀਤਾ ਸੀ ਪਰ ਤਿੰਨ ਸਾਲ ਬੀਤ ਜਾਣ ਬਾਅਦ ਵੀ ਇੱਥੇ ਰੰਗ ਤੱਕ ਨਹੀਂ ਕਰਵਾਇਆ ਗਿਆ, ਨਾ ਹੀ ਵਿਭਾਗ ਸਾਨੂੰ ਕਰਵਾਉਣ ਦਿੰਦਾ ਹੈ, ਜਦੋਂ ਵੀ ਵਿਭਾਗ ਨੂੰ ਕਿਹਾ ਜਾਂਦਾ ਹੈ, ਉਹ ਕਹਿ ਦਿੰਦਾ ਹੈ ਕਿ ਪੈਸੇ ਆ ਰਹੇ ਹਨ।