ਸਤਵਿੰਦਰ ਬਸਰਾ
ਲੁਧਿਆਣਾ, 5 ਮਈ
ਗੋਪਾਲ ਨਗਰ ਇਲਾਕੇ ’ਚ ਉਸ ਸਮੇਂ ਅਫ਼ਰਾ ਤਫ਼ਰੀ ਮਚ ਗਈ ਜਦੋਂ ਇੱਕ ਘਰ ’ਚ ਨੌਜਵਾਨ ਵੱਲੋਂ ਰੈਗੂਲੇਟਰ ਬਦਲਦੇ ਸਮੇਂ ਸਿਲੰਡਰ ’ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਘਰ ’ਚ ਪਏ ਸਾਰੇ ਸਾਮਾਨ ਨੂੰ ਅੱਗ ਲੱਗ ਗਈ ਤੇ ਘਰ ’ਚ ਮੌਜੂਦ ਨੌਜਵਾਨ ਵੀ ਅੱਗ ਦੀ ਲਪੇਟ ’ਚ ਆ ਗਿਆ ਜਦਕਿ ਨੌਜਵਾਨ ਦੀ ਮਾਂ ਬਾਹਰ ਵੱਲ ਭੱਜੀ ਤੇ ਰੌਲਾ ਪਾਇਆ। ਲੋਕਾਂ ਨੇ ਪਹਿਲਾਂ ਨੌਜਵਾਨ ਜੀਵਨ ਕੁਮਾਰ (25) ਨੂੰ ਬਾਹਰ ਕੱਢਿਆ ਤੇ ਫਿਰ ਸਿਲੰਡਰ ਬਾਹਰ ਕੱਢੇ। ਜਦੋਂ ਅੱਗ ’ਤੇ ਲੋਕ ਕਾਬੂ ਪਾਉਣ ’ਚ ਅਸਫ਼ਲ ਰਹੇ ਤਾਂ ਉਨ੍ਹਾਂ ਅੱਗ ਬੁਝਾਊ ਦਸਤੇ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਇੱਕ ਗੱਡੀ ਨੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਪਰਿਵਾਰ ਨੇ ਦੋਸ਼ ਲਾਇਆ ਕਿ ਤੁਰੰਤ 108 ਐਂਬੂਲੈਸ ਨੂੰ ਫੋਨ ਕੀਤਾ ਗਿਆ ਸੀ, ਪਰ ਕਰੀਬ ਡੇਢ ਘੰਟੇ ਬਾਅਦ ਵੀ ਐਂਬੂਲੈਸ ਨਹੀਂ ਪੁੱਜੀ। ਬਾਅਦ ’ਚ ਉਨ੍ਹਾਂ ਕੰਟਰੋਲ ਰੂਮ ’ਤੇ ਫੋਨ ਕੀਤਾ ਤਾਂ ਸੰਵੇਦਨਾ ਟਰੱਸਟ ਦੀ ਐਂਬੂਲੈਂਸ ਮੌਕੇ ’ਤੇ ਪੁੱਜੀ ਤੇ ਝੁਲਸੇ ਜੀਵਨ ਕੁਮਾਰ ਨੂੰ ਹਸਪਤਾਲ ਪਹੁੰਚਾਇਆ। ਜੀਵਨ ਕੁਮਾਰ ਦੀ ਮਾਂ ਵਿਮਲਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਘਰ ਦਾ ਸਿਲੰਡਰ ਖਤਮ ਹੋ ਗਿਆ ਸੀ। ਉਸ ਦਾ ਲੜਕਾ ਸਿਲੰਡਰ ਬਦਲਣ ਲਈ ਰੈਗੂਲੇਟਰ ਲਾ ਰਿਹਾ ਸੀ ਕਿ ਅਚਾਨਕ ਅੱਗ ਲੱਗ ਗਈ ਜਿਸਦੀਆਂ ਲਪਟਾਂ ’ਚ ਜੀਵਨ ਆ ਕੇ ਝੁਲਸ ਗਿਆ। ਵਿਮਲਾ ਦੇਵੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਦਰਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤੇ ਉਹ ਮੌਕੇ ’ਤੇ ਪਹੁੰਚ ਗਏ। ਪਹਿਲਾਂ ਉਨ੍ਹਾਂ ਨੇ ਲੀਕ ਹੋ ਰਹੇ ਗੈਸ ਦੇ ਸਿਲੰਡਰ ਨੂੰ ਬਾਹਰ ਕੱਢਿਆ ਅਤੇ ਫਿਰ ਅੱਗ ’ਤੇ ਕਾਬੂ ਪਾ ਲਿਆ।