ਖੰਨਾ: ਇੱਥੇ ਸਥਿਤ ਮਾਰਕਫੈੱਡ ਦਫ਼ਤਰ ਦੇ ਪਿੱਛੇ ਲੰਘ ਰਹੀ ਰੇਲਵੇ ਲਾਈਨ ਦੇ ਨੇੜੇ ਖੂਨ ਨਾਲ ਲਥਪਥ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਦੌਰਾਨ ਜਿੱਥੇ ਪਰਿਵਾਰਕ ਮੈਂਬਰਾਂ ਨੇ ਹੱਤਿਆ ਕਰ ਕੇ ਲਾਸ਼ ਸੁੱਟਣ ਦਾ ਦੋਸ਼ ਲਾਇਆ ਹੈ, ਉੱਥੇ ਦੂਜੇ ਪਾਸੇ ਰੇਲਵੇ ਅਧਿਕਾਰੀ ਇਸ ਨੂੰ ਆਤਮਹੱਤਿਆ ਦੱਸ ਰਹੇ ਹਨ। ਮ੍ਰਿਤਕ ਦੀ ਪਛਾਣ ਇਸਰਾਈਲ ਖਾਨ ਪੁੱਤਰ ਦੁਰਗਾ ਖਾਨ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਵਜੋਂ ਹੋਈ ਹੈ। ਇਸ ਮੌਕੇ ਮ੍ਰਿਤਕ ਦੇ ਚਾਚਾ ਬਿੱਲਾ ਰਾਜਸਥਾਨੀ ਨੇ ਕਿਹਾ ਕਿ ਉਸ ਦਾ ਭਤੀਜਾ ਪਿਛਲੇ ਲੰਬੇ ਸਮੇਂ ਤੋਂ ਮਾਰਕਫ਼ੈਡ ਕੋਲ ਇੱਕ ਕਿਰਾਏ ਦਾ ਖੋਖਾ ਲੈ ਕੇ ਵਾਹਨਾਂ ’ਤੇ ਸਟਿੱਕਰ ਲਗਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕੰਮ ਕਰਨ ਦੇ ਬਹਾਨੇ ਮਾਰਕਫੈੱਡ ਦਫ਼ਤਰ ਦੇ ਪਿੱਛੇ ਸੁੰਨਸਾਨ ਜਗ੍ਹਾ ’ਤੇ ਬੁਲਾ ਕੇ ਜ਼ਖਮੀ ਕਰ ਕੇ ਰੇਲਵੇ ਲਾਈਨਾਂ ਨੇੜੇ ਸੁੱਟ ਦਿੱਤਾ ਜਿਸ ਨੂੰ ਲੋਕਾਂ ਨੇ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਜੀਆਰਪੀ ਚੌਕੀ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ