ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਪਰੈਲ
ਬੁਲੇਟ ਮੋਟਰਸਾਈਕਲ ’ਤੇ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਤਾਂ ਟਰੈਫਿਕ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ ਹੀ ਹੋਈ ਹੈ ਪਰ ਹੁਣ ਪੁਲੀਸ ਨੇ ਆਵਾਜ਼ ਵਾਲੇ ਸਾਈਲੈਂਸਰ ਬਦਲਣ ਵਾਲਿਆਂ ਖ਼ਿਲਾਫ਼ ਵੀ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਦੁਕਾਨਦਾਰਾਂ ਖ਼ਿਲਾਫ਼ ਅਧਿਕਾਰੀਆਂ ਦੇ ਹੁਕਮ ਨਾ ਮੰਨਣ ਦਾ ਕੇਸ ਦਰਜ ਕੀਤਾ ਹੈ। ਥਾਣਾ ਬਸਤੀ ਜੋਧੇਵਾਲ ਪੁਲੀਸ ਨੇ ਨਿਊ ਸ਼ਿਵਪੁਰੀ ਰੋਡ ਸਥਿਤ ਪ੍ਰੀਤ ਨਗਰ ਵਾਸੀ ਰਾਕੇਸ਼ ਮਲਹੋਤਰਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ 31 ਮਾਰਚ ਨੂੰ ਉਹ ਸ਼ਿਵਪੁਰੀ ਰੋਡ ’ਤੇ ਨਾਕਾਬੰਦੀ ਕਰ ਖੜ੍ਹੇ ਸਨ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਦੁਕਾਨਦਾਰ ਮੋਟਰਸਾਈਕਲ ਦੇ ਮਾਡੀਫਾਈਡ ਸਾਈਲੈਂਸਰ ਬਦਲਦਾ ਹੈ, ਜਿਸ ਤੋਂ ਬਾਅਦ ਛਾਪੇ ਮਾਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਉਧਰ, ਥਾਣਾ ਡਿਵੀਜ਼ਨ ਨੰ. 2 ਦੀ ਪੁਲੀਸ ਨੇ ਇਸਲਾਮਗੰਜ ਸਥਿਤ ਕੁਸ਼ਟ ਆਸ਼ਰਮ ਦੇ ਕੋਲ ਰਹਿਣ ਵਾਲੇ ਜੈ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਟੀਮ ਇਲਾਕੇ ’ਚ ਗਸ਼ਤ ਕਰ ਰਹੀ ਸੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਬੁਲੇਟ ਮੋਟਰਸਾਈਕਲ ਦੇ ਮਾਡੀਫਾਈਡ ਸਾਈਲੈਂਸਰ ਲਾਉਂਦਾ ਹੈ। ਜਿਸ ਤੋਂ ਬਾਅਦ ਪੁਲੀਸ ਨੇ ਉਸਨੂੰ ਕਾਬੂ ਕਰ ਲਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰ. 3 ਦੀ ਪੁਲੀਸ ਨੇ ਰੂੜੀ ਮੁਹੱਲਾ ਵਾਸੀ ਦੇਵੀ ਦਿਆਲ ਦੇ ਖਿਲਾਫ਼ ਕੇਸ ਦਰਜ ਕੀਤਾ। ਥਾਣਾ ਡਿਵੀਜ਼ਨ ਨੰ. 6 ਦੀ ਪੁਲੀਸ ਨੇ ਘੁਮਾਰ ਮੰਡੀ ਸਥਿਤ ਕ੍ਰਿਸ਼ਨਾ ਨਗਰ ਵਾਸੀ ਸਤਵਿੰਦਰ ਸਿੰਘ ਦੇ ਖ਼ਿਲ਼ਾਫ਼ ਕੇਸ ਦਰਜ ਕੀਤਾ ਹੈ। ਉਧਰ ਥਾਣਾ ਪੀਏਯੂ ਦੀ ਪੁਲੀਸ ਨੇ ਝੰਡੂ ਇਨਕਲੇਵ ਬਚਨ ਸਿੰਘ ਮਾਰਗ ਵਾਸੀ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰ. 5 ਦੀ ਪੁਲੀਸ ਨੇ ਮਾਡਲ ਗ੍ਰਾਮ ਐਕਸਟੈਨਸ਼ਨ ਵਾਸੀ ਮਾਣਕ ਸਿਆਲ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।
ਉਧਰ, ਮੁਹੱਲਾ ਰਾਮ ਨਗਰ ਵਾਸੀ ਰਵੀਨ ਕੁਮਾਰ ਦੇ ਖਿਲਾਫ਼ ਥਾਣਾ ਟਿੱਬਾ ਦੀ ਪੁਲੀਸ ਨੇ ਕਾਰਵਾਈ ਕੀਤੀ ਹੈ। ਪੁਲੀਸ ਅਨੁਸਾਰ ਪਾਰਟੀ ਗੋਪਾਲ ਨਗਰ ਚੌਂਕ ’ਚ ਨਾਕਾਬੰਦੀ ਕਰ ਖੜ੍ਹੀ ਸੀ। ਇਸੇ ਦੌਰਾਨ ਮੁਲਜ਼ਮ ਉਥੋਂ ਲੰਘ ਰਿਹਾ ਸੀ ਤੇ ਆਪਣੇ ਮੋਟਰਸਾਈਕਲ ’ਤੇ ਸਾਇਲੈਂਸਰ ਦੇ ਪਟਾਕੇ ਮਾਰਦਾ ਆ ਰਿਹਾ ਸੀ ਤੇ ਰੇਸ ਦੇ ਰਿਹਾ ਸੀ। ਪੁਲੀਸ ਨੇ ਮੁਲਜ਼ਮ ਨੂੰ ਤੁਰੰਤ ਕਾਬੂ ਕਰ ਲਿਆ ਹੈ।