ਸੱਤ ਪ੍ਰਕਾਸ਼ ਸਿੰਗਲਾ
ਬਰੇਟਾ, 14 ਮਈ
‘ਕਾਂਗਰਸ ਤੇ ‘ਆਪ’ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਝੂਠੇ ਸਬਜ਼ਬਾਗ ਦਿਖਾ ਕੇ ਲੋਕਾਂ ਨੂੰ ਨਿਰਾਸ਼ਾ ਵੱਲ ਧੱਕਿਆ ਹੈ ਅਤੇ ਹੁਣ ਇੱਕ ਵਾਰ ਫਿਰ ਕੇਂਦਰ ਵਿੱਚ ਆਪਣੀ ਸਰਕਾਰ ਬਣਾ ਕੇ ਦੇਸ਼ ਤੇ ਰਾਜ ਕਰਨ ਦੇ ਸੁਪਨੇ ਲੈ ਰਹੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ
ਬਾਦਲ ਨੇ ਨੇੜਲੇ ਪਿੰਡ ਕਾਹਨਗੜ੍ਹ ਬਖਸ਼ੀ ਵਾਲਾ ਬਹਾਦਰਪੁਰ ਤੇ ਹੋਰ ਪਿੰਡਾਂ ਦੇ ਲੋਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਵੱਖ-ਵੱਖ ਪ੍ਰਚਾਰ ਕਰਦੇ ਹਨ ਤੇ ਹੋਰਨਾਂ ਥਾਵਾਂ ’ਤੇ ਇਕੱਠੇ ਹੋ ਕੇ ਦੇਸ਼ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ ਕਿਉਂਕਿ ਪਹਿਲਾਂ ਹੀ ਇਨ੍ਹਾਂ ਨੇ ਲੋਕਾਂ ਨੂੰ ਖੂਬ ਲੁੱਟਿਆ ਹੈ ਤੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਰੋਕਣ ਦੇ ਦਾਅਵਿਆਂ ਨੂੰ ਝੁਠਲਾਉਂਦਿਆਂ ਕਿਹਾ ਕਿ ਤਹਿਸੀਲਾਂ ਥਾਣਿਆਂ ਤੇ ਹਰ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਤੇ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ। ਇਸ ਸਭ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ।
‘ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਦਰਜ ਕਰਨ ਲਈ ਮਜਬੂਰ ਕਰ ਰਹੇ ਨੇ ਮੁੱਖ ਮੰਤਰੀ’
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਹਿਰੀ ਪਟਵਾਰੀਆਂ ਨੂੰ ਮਜਬੂਰ ਕਰ ਰਹੇ ਹਨ ਕਿ ਜਿਸ ਜ਼ਮੀਨ ਨੂੰ ਨਹਿਰੀ ਪਾਣੀ ਨਹੀਂ ਲੱਗਦਾ, ਉਸਨੂੰ ਨਹਿਰੀ ਪਾਣੀ ਨਾਲ ਸਿੰਜੀ ਧਰਤੀ ਵਿਖਾਇਆ ਜਾਵੇ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਸੂਬੇ ਕੋਲ ਸਰਪਲੱਸ ਪਾਣੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਇਹ ਇੱਕ ਖ਼ਤਰਨਾਕ ਸਾਜ਼ਿਸ਼ ਜੋ ਕਿਸਾਨਾਂ ਦੀ ਜ਼ਿੰਦਗੀ ’ਤੇ ਅਸਰ ਪਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਸਤਲੁਜ ਯਮੁਨਾ ਲਿੰਕ (ਐਸ ਵਾਈ ਐਲ) ਨੂੰ ਪੂਰਾ ਕੀਤਾ ਜਾ ਸਕੇ ਅਤੇ ਕਿਸੇ ਨਾ ਕਿਸੇ ਤਰੀਕੇ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਦੇ ਮੁੱਖ ਖਿਡਾਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਹਨ ਤੇ ਭਗਵੰਤ ਮਾਨ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ ਪੰਜਾਬ ਦੇ ਭਵਿੱਖ ਨਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪਟਵਾਰੀ ਸਰਕਾਰ ਦਾ ਕਹਿਣਾ ਨਹੀਂ ਮੰਨ ਰਹੇ, ਉਨ੍ਹਆਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਕਿਵੇਂ ਨਹਿਰੀ ਪਟਵਾਰੀ ਯੂਨੀਅਨ ਦੇ ਪ੍ਰਧਾਨ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ
ਦੋ ਵਿਧਾਇਕਾਂ ਨੂੰ ‘ਸਟਾਰ ਪ੍ਰਚਾਰਕ’ ਬਣਾਉਣ ’ਤੇ ਚੁੱਕੇ ਸਵਾਲ
ਮਾਨਸਾ (ਪੱਤਰ ਪ੍ਰੇਰਕ): ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਇਲਾਕੇ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਬਣਾਏ ਸਟਾਰ ਪ੍ਰਚਾਰਕਾਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਬਠਿੰਡਾ ਦੇ ਇੱਕ ਵਿਧਾਇਕ ਨੂੰ ਲੰਬਾ ਸਮਾਂ ਵਿਕਾਸ ਕਾਰਜਾਂ ਤੋਂ ਦੂਰ ਕਰ ਕੇ ਰੱਖਣ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਪੁਲੀਸ ਹਵਾਲੇ ਕੀਤਾ ਸੀ, ਪਰ ਦੋ ਸਾਲਾਂ ਬਾਅਦ ਸਰਕਾਰ ਉਸਦੇ ਦੋਸ਼ ਸਾਬਤ ਕਰਨ ’ਚ ਅਸਫ਼ਲ ਹੋਈ ਅਤੇ ਨਾ ਹੀ ਉਨ੍ਹਾਂ ਦਾ ਕਸੂਰ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਦੱਸਿਆ ਗਿਆ। ਉਹ ਲੋਕਾਂ ਦੇ ਇਕੱਠ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਹਰਸਿਮਰਤ ਬਾਦਲ ਨੇ ਕਿਹਾ ਕਿ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਵਿਕਾਸ ਲਈ ਹਰ ਪੱਖੋਂ ਸਹਿਯੋਗ ਦੇਣ ਦਾ ਉਸ ਵੇਲੇ ਉਨ੍ਹਾਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਵਾਅਦਾ ਕੀਤਾ ਸੀ, ਪਰ ਭਗਵੰਤ ਮਾਨ ਨੇ ਜ਼ਿਆਦਾ ਸਮੇਂ ਤੱਕ ਉਨ੍ਹਾਂ ਦਾ ਮੰਤਰੀ ਰਹਿਣਾ ਪਸੰਦ ਨਹੀਂ ਆਇਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਬਠਿੰਡਾ (ਦਿਹਾਤੀ) ਦੇ ਵਿਧਾਇਕ ਅਮਿਤ ਰਤਨ ਨੂੰ ਸਟਾਰ ਪ੍ਰਚਾਰਕ ਬਣਾਕੇ ਸਟੇਜਾਂ ਤੋਂ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਲ-ਬਦਲੂਆਂ ਨੂੰ ਅਹਿਮੀਅਤ ਨਾ ਦੇਣ।