ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜਨਵਰੀ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਪਰਛਾਵੇਂ ਵਾਂਗ ਰਹਿਣ ਵਾਲੇ ਤੇ ਜੱਟ ਮਹਾ ਸਭਾ ਦੇ ਕੌਮੀ ਮੀਤ ਪ੍ਰਧਾਨ ਅਮਰਿੰਦਰ ਸਿੰਘ ਢੀਂਡਸਾ ਮਿੰਦੀ ਨੇ ਆਖਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਪੰਜਾਬ ਲੋਕ ਕਾਂਗਰਸ ਦਾ ਹੱਥ ਫੜ ਲਿਆ ਹੈ। ਉਨ੍ਹਾਂ ਦਾ ਪਾਰਟੀ ਨੂੰ ਛੱਡਣਾ ਖੰਨਾ ’ਚ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ। ਮਿੰਦੀ ਨੇ ਕੁਝ ਦਿਨ ਪਹਿਲਾਂ ਵੀ ਖੰਨਾ ਤੋਂ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਟਿਕਟ ਦੇਣ ਦਾ ਵਿਰੋਧ ਪ੍ਰਗਟਾਉਂਦੇ ਹੋਏ, ਖੰਨਾ ਦੇ ਕਾਂਗਰਸੀ ਆਗੂਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਮਿੰਦੀ ਨੇ ਕਿਹਾ ਕਿ ਖੰਨਾ ’ਚ ਨਕਲੀ ਸ਼ਰਾਬ ਦੀ ਫੈਕਟਰੀ ਚਲਾ ਕੇ ਲੋਕਾਂ ਦੀ ਜਾਨ ਨੂੰ ਖਤਰਾ ਪਾਇਆ ਗਿਆ, ਨਾਲ ਹੀ ਫਸਲ ਦੀ ਲੋਡਿੰਗ ਦੇ ਨਾਂਅ ’ਤੇ ਅਨਾਜ ਮੰਡੀ ਦੇ ਆੜ੍ਹਤੀਆਂ ਦੀ ਲੁੱਟ ਕੀਤੀ ਗਈ। ਮਿੰਦੀ ਨੇ ਕਿਹਾ ਕਿ ਸਿੱਧੂ ਨਾਲ ਅਜੇ ਵੀ ਕੋਈ ਦੁਸ਼ਮਣੀ ਨਹੀਂ ਹੈ ਪਰ ਉਹ ਟਿਕਟਾਂ ਦੀ ਵੰਡ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੜ ਪੰਜਾਬ ’ਚ ਭ੍ਰਿਸ਼ਟ ਲੋਕਾਂ ਨੂੰ ਟਿਕਟਾਂ ਦੇਣੀਆਂ ਸੀ ਤਾਂ ਪੰਜਾਬ ਮਾਡਲ ਕਿਵੇਂ ਕਾਮਯਾਬ ਹੋਵੇਗਾ।