ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਕਤੂਬਰ
ਲੁਧਿਆਣਾ ਜ਼ਿਲ੍ਹੇ ਨੂੰ ਐਕਸਪੋਰਟ ਹੱਬ ਵਜੋਂ ਵਿਕਸਤ ਕਰਨ ਲਈ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰਮੋਸ਼ਨ ਕਮੇਟੀ ਵੱਲੋਂ ਜ਼ਿਲ੍ਹੇ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜੁਆਇੰਟ ਡਾਇਰੈਕਟਰ ਜਨਰਲ ਆਫ ਫੋਰਨ ਟਰੇਡ ਸੁਵਿਧ ਸ਼ਾਹ ਦੀ ਪ੍ਰਧਾਨਗੀ ਹੇਠ ਬਚਤ ਭਵਨ ਵਿਖੇ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ। ਸ੍ਰੀ ਸ਼ਾਹ ਨੇ ਸਾਲ ਦਾ ਖਰੜਾ ਪੇਸ਼ ਕਰਦਿਆਂ ਉਦਯੋਗਪਤੀਆਂ ਕੋਲੋਂ ਸੁਝਾਅ ਮੰਗੇ। ਵਿਚਾਰ ਵਟਾਂਦਰੇ ਤੋਂ ਬਾਅਦ ਪੰਜ ਸੈਕਟਰ ਨਿਰਯਾਤ ਉਤਪਾਦਾਂ ਵਜੋਂ ਚੁਣੇ ਗਏ ਜਿਸ ਵਿੱਚ ਆਟੋ ਪਾਰਟਸ, ਹੌਜ਼ਰੀ ਅਤੇ ਨਿਟਡ ਅਤੇ ਰੈਡੀਮੇਡ ਗਾਰਮੈਂਟਸ, ਵੂਲਨ ਉਤਪਾਦਾਂ ਅਤੇ ਸ਼ਾਲਾਂ, ਸਾਈਕਲ, ਹੈਂਡ ਟੂਲਜ਼ ਅਤੇ ਸੂਤੀ ਯਾਰਨ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਲੁਧਿਆਣਾ ਉਦਯੋਗ ਨੂੰ ਹੁਲਾਰਾ ਮਿਲੇਗਾ।