ਗੁਰਿੰਦਰ ਸਿੰਘ
ਲੁਧਿਆਣਾ, 20 ਮਾਰਚ
ਥਾਣਾ ਕੋਤਵਾਲੀ ਦੀ ਪੁਲੀਸ ਨੇ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਲੱਖਾਂ ਰੁਪਏ ਦੇ ਮੁੱਲ ਦੇ ਗਹਿਣੇ ਅਤੇ ਨਗਦੀ ਬਰਾਮਦ ਕੀਤੀ ਹੈ। ਏਸੀਪੀ ਹਰਸਿਮਰਤ ਸਿੰਘ ਛੇਤਰਾ ਨੇ ਮੀਡੀਆ ਨੂੰ ਦੱਸਿਆ ਕਿ ਇਸ ਲੁਟੇਰਾ ਗਰੋਹ ਨੇ 13 ਮਾਰਚ ਰਾਤ ਨੂੰ ਮਸ਼ੀਨਾਂ ਵਾਲੇ ਬਾਜ਼ਾਰ ਵਿੱਚ ਇਕ ਵਪਾਰੀ ਦੇ ਘਰ ਅੰਦਰ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਤੇ ਸੋਨੇ ਦੇ ਗਹਿਣੇ ਅਤੇ ਨਗਦੀ ਲੁੱਟੀ ਸੀ। ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਇਸ ਸਬੰਧੀ ਕੀਤੀ ਜਾਂਚ ਉਪਰੰਤ ਪ੍ਰਿੰਸ ਸੰਧੂ ਵਾਸੀ ਗਲੀ ਨੰਬਰ ਚਾਰ ਮਨਜੀਤ ਨਗਰ, ਗੌਰਵ ਸਿੰਘ ਵਾਸੀ ਗਲੀ ਨੰਬਰ ਦੋ ਮਨਜੀਤ ਨਗਰ, ਸਈਅਮ ਉਰਫ਼ ਨੌਨੀ ਵਾਸੀ ਰੇਲਵੇ ਕਲੋਨੀ ਮਨਜੀਤ ਨਗਰ ਅਤੇ ਪਰਵਿੰਦਰ ਸਿੰਘ ਉਰਫ ਬਬਲੂ ਗਲੀ ਨੰਬਰ ਚਾਰ ਮਨਜੀਤ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਵੱਲੋਂ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਸੋਨੇ ਦੀ ਮੁੰਦਰੀ, ਦੋ ਸੋਨੇ ਦੀਆਂ ਵੰਗਾਂ, ਦੋ ਮੋਬਾਈਲ ਫੋਨ ਤੇ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਏਸੀਪੀ ਸ਼ੇਤਰਾ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੁਟੇਰਾ ਗਰੋਹ ਦੇ ਮੈਂਬਰ ਹਥਿਆਰਾਂ ਸਮੇਤ ਕਾਬੂ
ਲੁਧਿਆਣਾ: ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਲੁਟੇਰਾ ਗਰੋਹਾਂ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਥਾਣਾ ਮੋਤੀ ਨਗਰ ਦੀ ਪੁਲੀਸ ਵੱਲੋਂ ਭਗਤ ਸਿੰਘ ਕਲੋਨੀ ਵਾਸੀ ਅੰਬੀ ਮਿੱਤਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਜਸ਼ਨਦੀਪ ਸਿੰਘ ਵਾਸੀ ਨਿਊ ਬਸੰਤ ਵਿਹਾਰ ਅਤੇ ਅਸ਼ਵਨੀ ਕੁਮਾਰ ਵਾਸੀ ਬੈਂਕ ਕਾਲੋਨੀ ਨੂਰਵਾਲਾ ਰੋਡ ਨੂੰ ਲੁੱਟੇ ਹੋਏ ਮੋਟਰਸਾਈਕਲ, ਮੋਬਾਈਲ ਫੋਨ ਅਤੇ ਤੇਜ਼ਧਾਰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।