ਪੱਤਰ ਪ੍ਰੇਰਕ
ਸਮਰਾਲਾ, 20 ਮਾਰਚ
ਪੰਜਾਬੀ ਸੱਥ ਬਰਵਾਲੀ ਵੱਲੋਂ ਕਰਵਾਏ ਜਾਂਦੇ ਬੱਤਰਾ ਯਾਦਗਾਰੀ ਮਿਨੀ ਕਹਾਣੀ ਮੁਕਾਬਲੇ ਦੇ ਨਤੀਜਿਆਂ ਵਿੱਚ ਮਨਦੀਪ ਰਿੰਪੀ ਦੀ ਕਹਾਣੀ ‘ਅਮੀਰੀ ਦੀ ਖੂਸ਼ਬੂ’ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਦੂਸਰੇ ਸਥਾਨ ’ਤੇ ਹਰਭਿੰਦਰ ਸਿੰਘ ਸੰਧੂ ਦੀ ਕਹਾਣੀ ‘ਘੜੀ’ ਰਹੀ। ਇਸੇ ਤਰ੍ਹਾਂ ਸਰਵਣ ਸਿੰਘ ਭੰਗਲਾਂ ਦੀ ਕਹਾਣੀ ‘ਪੜ੍ਹੀ ਲਿਖੀ ਨੂੰਹ’ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਸੁਖਦੀਪ ਸਿੰਘ ਲੀਲ ਦਿਆਲਪੁਰੀ ਦੀ ਕਹਾਣੀ ‘ਗਹਿਣੇ’ ਚੌਥੇ ਸਥਾਨ ’ਤੇ ਰਹੀ।
ਸੱਥ ਦੇ ਮੁੱਖ ਨਿਗਰਾਨ ਗੁਰਦੀਪ ਸਿੰਘ ਕੰਗ, ਰਾਜਵਿੰਦਰ ਸਮਰਾਲਾ, ਰਾਮਦਾਸ ਬੰਗੜ ਤੇ ਦਰਸ਼ਪ੍ਰੀਤ ਸਿੰਘ ਬੱਤਰਾ ਨੇ ਦੱਸਿਆ ਕਿ ਇਸ ਵਾਰ ਕਹਾਣੀ ਮੁਕਾਬਲੇ ਵਿਚ ’ਚ 50 ਤੋਂ ਵੱਧ ਕਹਾਣੀਕਾਰਾਂ ਦੀਆਂ ਕਰੀਬ 150 ਕਹਾਣੀਆਂ ਸ਼ਾਮਲ ਹੋਈਆਂ। ਜਿਨ੍ਹਾਂ ਦੀ ਜੱਜਮੈਂਟ ਰਾਜਵਿੰਦਰ ਸਮਰਾਲਾ ਦੀ ਅਗਵਾਈ ਵਿਚ ਗਠਿਤ ਕੀਤੇ ਗਏ ਪੈਨਲ ਨੇ ਕੀਤੀ। ਜੇਤੂ ਰਹੇ ਕਹਾਣੀਕਾਰਾਂ ਨੂੰ ਝਾੜ ਸਾਹਿਬ ਕਾਲਜ ’ਚ 3 ਅਪਰੈਲ ਨੂੰ ਕਰਵਾਏ ਜਾਣ ਵਾਲੇ ਸਾਲਾਨਾ ਸਾਹਿਤਕ ਤੇ ਸਨਮਾਨ ਸਮਾਗਮ ’ਚ ਬੱਤਰਾ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਾਹਿਤਕਾਰ ਤੇਲੂ ਰਾਮ ਕੋਹਾੜਾ, ਸਤਵੰਤ ਕੌਰ ਖਾਲਸਾ, ਅਵਤਾਰ ਸਿੰਘ ਕੋਟਾਲਾ ਆਦਿ ਹਾਜ਼ਰ ਸਨ।