ਖੇਤਰੀ ਪ੍ਰਤੀਨਿਧ
ਪਟਿਆਲਾ, 15 ਮਈ
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਦੀ ਅਗਵਾਈ ’ਚ ਅਧਿਆਪਕ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੂੰ ਸਿੱਖਿਆ ਮੰਤਰੀ ਦੇ ਅਧਿਆਪਕ ਮੰਗਾਂ ਪ੍ਰਤੀ ਨਾਂਹ-ਪੱਖੀ ਵਤੀਰੇ ਅਤੇ ਮਸਲਾ ਹੱਲ ਨਾ ਹੋਣ ਕਾਰਨ ਅਧਿਆਪਕਾਂ ਵਿੱਚ ਪੈਦਾ ਹੋਏ ਰੋਹ ਤੋਂ ਜਾਣੂ ਕਰਵਾਇਆ ਗਿਆ।
ਇਸ ਸਬੰਧੀ ਸੂਬਾਈ ਪ੍ਰਧਾਨ ਵਿਕਰਮਦੇਵ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੇ ਸਨਮੁੱਖ ਅਧਿਆਪਕਾਂ ਨੇ ਦਰਪੇਸ਼ ਵਿਭਾਗੀ ਮੰਗਾਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਅਧਿਆਪਕ ਰਵਿੰਦਰ ਕੰਬੋਜ ਅਤੇ ਕਪੂਰਥਲਾ ਤੋਂ ਨਰਿੰਦਰ ਭੰਡਾਰੀ ਨੂੰ ਰੈਗੂਲਰ ਕਰਨਾ, ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰੀ ਬੀਪੀਈਓ ਖਿਲਾਫ਼ ਕਾਰਵਾਈ ਕਰਨਾ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਅਤੇ ਪੁਰਾਣੀ ਪੈਨਸ਼ਨ, ਪੈਂਡਿੰਗ ਤਰੱਕੀਆਂ, ਪੰਜਾਬ ਸਕੇਲਾਂ ਦੀ ਬਹਾਲੀ, ਪੁਰਸ਼ ਅਧਿਆਪਕਾਂ ਦੇ ਠੇਕਾ ਆਧਾਰਤ ਨਿਯੁਕਤੀ ਸਮੇਂ ਨੂੰ ਅਚਨਚੇਤ ਛੁੱਟੀਆਂ ਦੇ ਵਾਧੇ ਵਿੱਚ ਮੰਨਣ, ਪੈਂਡਿੰਗ ਮਹਿੰਗਾਈ ਭੱਤੇ, ਪੇਂਡੂ ਭੱਤੇ ਸਮੇਤ ਸਾਰੇ ਭੱਤੇ ਲਾਗੂ ਕਰਨਾ ਮੰਗਾਂ ਸ਼ਾਮਲ ਸਨ। ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਹੋਰਨਾਂ ਵਿਭਾਗੀ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਵੱਲ ‘ਵਿਰੋਧ ਪੱਤਰ’ ਦਿੱਤਾ ਗਿਆ।
ਇਸ ਦੌਰਾਨ ਡਾ. ਰਵਿੰਦਰ ਕੰਬੋਜ ਅਤੇ ਨਰਿੰਦਰ ਭੰਡਾਰੀ ਦੇ 11 ਸਾਲ ਤੋਂ ਰੋਕੇ ਰੈਗੂਲਰ ਅਤੇ ਕਨਫਰਮੇਸ਼ਨ ਆਰਡਰ ਜਾਰੀ ਕਰਨ, ਬੀਪੀਈਓ ’ਤੇ ਕਾਰਵਾਈ ਨਾ ਹੋਣ ਅਤੇ ਕੰਪਿਊਟਰ ਅਧਿਆਪਕਾਂ ਦੀ ਰੈਗੂਲਰ ਸ਼ਿਫਟਿੰਗ ਦੇ ਮਾਮਲਿਆਂ ਨੂੰ ਲੈ ਕੇ ਅਧਿਆਪਕਾਂ ਵਿੱਚ ਪਾਏ ਜਾ ਰਹੇ ਰੋਸ ਤੋਂ ਮੁੱਖ ਮੰਤਰੀ ਨੂੰ ਫੌਰੀ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਮਸਲੇ ਹੱਲ ਨਾ ਹੋਣ ’ਤੇ ਜਥੇਬੰਦੀ ਵੱਲੋਂ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ਼ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ ਗਈ। ਇਸ ਮੌਕੇ ਰੋਮੀ ਸਫੀਪੁਰ, ਕੰਪਿਊਟਰ ਯੂਨੀਅਨ ਆਗੂ ਪਰਮਵੀਰ ਸਿੰਘ ਤੇ ਡੀਟੀਐੱਫ ਪਟਿਆਲਾ ਤੋਂ ਰਵਿੰਦਰ ਕੰਬੋਜ ਮੌਜੂਦ ਸਨ।