ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਕਤੂਬਰ
ਜੀਓਜੀ ਵੱਲੋਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸੂਬਾ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਿਆ। ਜੀਓਜੀ ਮੈਂਬਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਵੱਖ ਵੱਖ ਸਟੇਜਾਂ ਤੋਂ ਸਰਕਾਰ ਬਣਨ ਤੇ ਜਾਇਜ ਮੰਗਾ ਨੂੰ ਅਮਲੀ ਜਾਮਾ ਪਹਿਨਾਉਣ ਦਾ ਵਾਅਦਾ ਕੀਤਾ ਗਿਆ ਸੀ । ਪੰਜਾਬ ਦੀ ਜਨਤਾ ਅਤੇ ਮੁਲਾਜਮਾਂ ਨੂੰ ਵੀ ਆਪ ਸਰਕਾਰ ਤੋਂ ਬਹੁਤ ਉਮੀਦਾ ਸਨ। ਪਰ ਹੁਣ ਸਰਕਾਰ ਤੋਂ ਲੋਕ ਨਿਰਾਸ਼ ਹੋ ਰਹੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇੱਕ 5 ਮੈਂਬਰੀ ਕਮੇਟੀ ਬਣਾਈ ਜਾਵੇ, ਜਿਸ ਵਿੱਚ ਇੱਕ ਮੈਂਬਰ ਜੀਓਜੀ ਦੀ ਟੀਮ ਅਤੇ ਇਕ ਮੈਂਬਰ ਵਿਰੋਧੀ ਧਿਰ ਦਾ ਹੋਵੇ ਅਤੇ ਜੀਓਜੀ ਫੀਡ ਬੈਕ ਦੀ ਜਾਂਚ ਕੀਤੀ ਜਾਵੇ ਅਤੇ ਜਿਸ ਮਹਿਕਮੇ ਵਲੋਂ ਕਮੀਆਂ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ। ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੀਆਂ 7 ਤਹਿਸੀਲਾਂ ਦੀਆਂ ਜੀਓਜੀ ਪੋਰਟਲ ਉਪਰ ਪਾਈਆਂ ਰਿਪਰੋਟਾਂ ਉਪਰ ਐਕਸਨ ਜ਼ੀਰੋ ਹੈ। ਇਸ ਤੋਂ ਇਲਾਵਾ ਆਟਾ ਦਾਲ ਸਕੀਮ ਦਾ ਸਰਵੇ ਕੀਤਾ ਗਿਆ ਸੀ, ਜਿਸ ਵਿੱਚ ਬਹੁਤੇ ਲੋਕਾਂ ਦੀ ਮੌਤ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗ ਰਿਹਾ ਹੈ। ਇਸ ’ਤੇ ਕਾਰਵਾਈ ਅਮਲ ਵਿਚ ਲਿਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਜੀਓਜੀ ਸਕੀਮ ਬੰਦ ਕਰਨਾ ਚਾਹੁੰਦੀ ਹੈ, ਜੋਕਿ ਗਲਤ ਫ਼ੈਸਲਾ ਹੈ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਤਹਿਸੀਲ ਨਾਲ ਸਬੰਧਤ ਸਾਬਕਾ ਫ਼ੌਜੀਆਂ ਨੇ ਅੱਜ ਇਥੇ ਗਾਰਡੀਅਨਜ਼ ਆਫ਼ ਗਵਰਨਸ (ਜੀਓਜੀ) ਸਕੀਮ ਬੰਦ ਖ਼ਿਲਾਫ਼ ਰੋਸ ਮਾਰਚ ਕੀਤਾ। ਨਾਨਕਸਰ ਕਲੇਰਾਂ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਮੁੱਖ ਮਾਰਗ ਤੋਂ ਹੁੰਦਾ ਹੋਇਆ ਜਗਰਾਉਂ ਸ਼ਹਿਰ ਵਿੱਚ ਦਾਖ਼ਲ ਹੋਇਆ। ਸਾਬਕਾ ਫ਼ੌਜੀਆਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜੇ ਹੋਏ ਸਨ ਅਤੇ ਉਹ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋ-ਪਹੀਆ ਵਾਹਨਾਂ ’ਤੇ ਸਵਾਰ ਹੋ ਕੇ ਕਮੇਟੀ ਪਾਰਕ ਪੁੱਜੇ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸੂਬੇਦਾਰ ਮੇਜਰ ਦੇਵੀਦਿਆਲ ਸ਼ਰਮਾ, ਸੂਬੇਦਾਰ ਨਾਹਰ ਸਿੰਘ, ਸੂਬੇਦਾਰ ਬਲਦੇਵ ਸਿੰਘ, ਕੈਪਟਨ ਸੁਖਚੈਨ ਸਿੰਘ ਤੇ ਹੋਰਨਾਂ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਮੁੜ ਬਹਾਲ ਕੀਤੀ ਜਾਵੇ। ਉਨ੍ਹਾਂ ‘ਆਪ’ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਬਕਾ ਸੈਨਿਕਾਂ ਦੇ ਮਾਣ-ਸਨਮਾਨ ਨੂੰ ਵੱਡੀ ਠੇਸ ਪਹੁੰਚਾਈ ਹੈ, ਇੱਥੋਂ ਤੱਕ ਕਿ ਸਰਕਾਰ ਦੇ ਕੁਝ ਕੈਬਨਿਟ ਮੰਤਰੀਆਂ ਨੇ ਗਲਤ ਸ਼ਬਦਾਵਲੀ ਵੀ ਵਰਤੀ, ਜੋ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਹਫਤੇ ਅੰਦਰ ਮੀਟਿੰਗ ਦਾ ਭਰੋਸਾ ਦਿੱਤਾ ਹੈ ਜੋ ਪੂਰਾ ਨਾ ਹੋਣ ’ਤੇ ਪੰਜਾਬ ਭਰ ‘ਚ ਸਾਬਕਾ ਸੈਨਿਕ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਨਗੇ। ਇਸ ਮੌਕੇ ਉਜਾਗਰ ਸਿੰਘ, ਹਿੰਮਤ ਸਿੰਘ ਕਲੇਰ, ਦਰਸ਼ਨ ਸਿੰਘ, ਕੈਪਟਨ ਅਮਰਜੀਤ ਸਿੰਘ, ਹਰਜਿੰਦਰ ਸਿੰਘ, ਸੂਬੇਦਾਰ ਜਗਜੀਤ ਸਿੰਘ, ਨਾਇਕ ਜਗਰਾਜ ਸਿੰਘ, ਕੈਪਟਨ ਬਲਵਿੰਦਰ ਸਿੰਘ, ਨਾਇਬ ਸੂਬੇਦਾਰ ਜਗਤਾਰ ਸਿੰਘ ਅਤੇ ਕਮਲਜੀਤ ਸਿੰਘ ਡੱਲਾ ਨੇ ਕਿਹਾ ਕਿ ਜੀਓਜੀ ਨੇ ਕਈ ਪਿੰਡਾਂ ਦੇ ਘਪਲੇ ਉਜਾਗਰ ਕਰ ਰਿਪੋਰਟਾਂ ਫਾਈਲ ਕੀਤੀ। ਇਸ ਤੋਂ ਖਫਾ ਅਫਸਰਸ਼ਾਹੀ ਤੇ ਭ੍ਰਿਸ਼ਟ ਆਗੂਆਂ ਨੇ ਇਹ ਸਕੀਮ ਬੰਦ ਕਰਨ ਦਾ ਕਦਮ ਚੁੱਕਿਆ।
ਸਾਬਕਾ ਫ਼ੌਜੀਆਂ ਵੱਲੋਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕਤਰਤਾ ਕੈਪਟਨ ਨੰਦ ਲਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਬਕਾ ਫ਼ੌਜੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਨਾਲ ਬੇਇਨਸਾਫੀ ਕਰ ਰਹੀ ਹੈ ਕਿਉਂਕਿ ਸਰਕਾਰ ਨੇ 2019 ਤੋਂ ਰੀਵਾਈਜ਼ ਪੈਨਸ਼ਨ, ਉਸ ਦਾ ਬਣਦਾ ਏਰੀਅਰ ਤੇ ਡੀਏ ਦਾ ਬਕਾਇਆ ਅਜੇ ਤੱਕ ਨਹੀਂ ਦਿੱਤਾ ਗਿਆ, ਜਿਸ ਕਾਰਨ ਸਾਬਕਾ ਸੈਨਿਕਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਹੈ। ਉਨ੍ਹਾਂ ਕਿਹਾ ਕਿ ਸੈਨਿਕਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੀ ਰਾਖੀ ਲਈ ਦਿਨ-ਰਾਤ ਇੱਕ ਕੀਤਾ ਅਤੇ ਹੁਣ ਉਨ੍ਹਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ ਵਿਚ ਆਪਣੀ ਵੋਟ ਦੀ ਵਰਤੋਂ ਸੋਚ ਸਮਝ ਕੇ ਕੀਤੀ ਜਾਵੇ। ਇਸ ਮੌਕੇ ਐਸੋਸੀਏਸ਼ਨ ਨੇ ਕੈਪਟਨ ਜਰਨੈਲ ਸਿੰਘ ਜਲਾਜਣ ਦਾ ਸਨਮਾਨ ਕੀਤਾ। ਇਸ ਮੌਕੇ ਸੂਬੇਦਾਰ ਮੇਜਰ ਮਹਿੰਦਰਪਾਲ ਸਿੰਘ, ਕਰਨੈਲ ਸਿੰਘ, ਰੱਬੀਂ ਸਿੰਘ, ਮੁਕੰਦ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਰਾਮ ਮੋਹਨ, ਬਹਾਦਰ ਸਿੰਘ, ਗੁਲਜ਼ਾਰ ਸਿੰਘ, ਗੁਰਬਖ਼ਸ਼ ਸਿੰਘ, ਮੇਵਾ ਸਿੰਘ, ਸਾਧੂ ਸਿੰਘ, ਮਲਕੀਤ ਸਿੰਘ ਅਤੇ ਬੰਤ ਸਿੰਘ ਹਾਜ਼ਰ ਸਨ।