ਦੇਵਿੰਦਰ ਸਿੰਘ ਜੱਗੀ
ਪਾਇਲ, 3 ਦਸੰਬਰ
ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਗੇਟ ਅੱਗੇ ਆਪਣੀਆਂ ਹੱਕੀ ਮੰਗਾਂ ਲਈ ਲੰਮੇ ਸਮੇਂ ਤੋਂ ਰੋਸ ਧਰਨਿਆਂ ’ਤੇ ਬੈਠੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਮਰਥਨ ਦਿੱਤਾ ਗਿਆ। ਇਸ ਮੌਕੇ ਪ੍ਰੋਫੈਸਰ ਜਸਵੀਰ ਕੌਰ ਘੁਡਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆਂ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ-ਟਾਇਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਮਾਰੂ ਨੀਤੀਆਂ ਕਾਰਨ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 31 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਨੌਕਰੀਆਂ ਨੂੰ ਸੁਰੱਖਿਆ ਕਰਨ ਲਈ ਲਿਖਤੀ ਦੇਣ ਦੀ ਥਾਂ ਸਾਨੂੰ ਹਰ ਵਾਰ ਲੌਲੀਪੌਪ ਦੇ ਕੇ ਕੇਵਲ ਸਮਾਂ ਲੰਘਾ ਰਹੀ ਹੈ। ਇਸ ਮੌਕੇ ਗੈਸਟ-ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ’ਤੇ ਬਿਨਾਂ ਕਿਸੇ ਸ਼ਰਤ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ 906 ਪ੍ਰੋਫੈਸਰਾਂ ਦੀਆਂ ਨੌਕਰੀਆਂ ਸੁਰੱਖਿਅਤ ਕਰਕੇ ਅਤੇ ਨਿਰੋਲ ਖਾਲੀ ਪਈਆਂ ਅਸਾਮੀਆਂ ’ਤੇ ਹੀ ਭਰਤੀ ਕਰੇ। ਜੇਕਰ ਸਰਕਾਰ ਆਨਾਕਾਨੀ ਕਰੇਗੀਂ ਤਾਂ ਪੰਜਾਬ ਦੇ ਸਰਕਾਰੀ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਕਿਸਾਨ ਯੂਨੀਅਨਾਂ, ਭਰਾਤਰੀ ਜਥੇਬੰਦੀਆਂ ਅਤੇ ਵਿਦਿਆਰਥੀ ਯੂਨੀਅਨਾਂ ਨੂੰ ਨਾਲ ਲੈ ਕੇ ਸੰਘਰਸ਼ ਹੋਰ ਤਿੱਖਾ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਘਰ-ਘਰ ਨੌਕਰੀਆਂ ਦੇਣ ਵਾਲੀ ਸਰਕਾਰ 15-20 ਸਾਲਾਂ ਤੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੋਫੈਸਰਾਂ ਨੂੰ ਪੱਕੇ ਕਰਨ ਦੀ ਬਜਾਏ ਰੁਜ਼ਗਾਰ ਖੋਹ ਰਹੀ ਹੈ, ਜੋ ਅਸੀਂ ਖੋਹਣ ਨਹੀਂ ਦੇਵਾਂਗੇ। ਇਸ ਮੌਕੇ ਸਮੂਹ ਗੈਸਟ ਫੈਕਲਟੀ, ਸੁਖਜੀਤ ਸਿੰਘ, ਜਸਵੀਰ ਕੌਰ, ਅਵਤਾਰ ਸਿੰਘ, ਵਰਿੰਦਰ ਸਿੰਘ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਪ੍ਰਦੀਪ ਸਿੰਘ, ਹਰਮਨਦੀਪ ਕੌਰ, ਗਗਨਦੀਪ ਕੌਰ, ਜਸਵੀਰ ਕੌਰ, ਰਮਨਦੀਪ ਕੌਰ, ਮਨਿੰਦਰ ਸਿੰਘ, ਜਸਵੀਰ ਕੌਰ, ਸੁਖਬੀਰ ਸਿੰਘ, ਰੁਪਿੰਦਰ ਕੌਰ, ਜੋਗਿੰਦਰ ਸਿੰਘ, ਤਲਵਿੰਦਰ ਸਿੰਘ, ਪੂਨਮ, ਸਰਬਜੀਤ ਕੌਰ, ਫਲਵਿੰਦਰ ਵਰਮਾ, ਸ਼ਮਾ ਕੱਕੜ, ਮਨਵੀਰ ਸਿੰਘ, ਨੀਲੀਮਾ, ਸ਼ਿਖਾ ਆਦਿ ਹਾਜ਼ਰ ਸਨ।