ਪੱਤਰ ਪ੍ਰੇਰਕ
ਜਗਰਾਉਂ, 5 ਅਗਸਤ
ਪੰਜਾਬ ਯੂਨੀਅਨ ਆਫ ਜਰਨਲਿਸਟ ਵੱਲੋਂ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਦਾ ‘ਮਨੁੱਖੀ ਅਧਿਕਾਰਾਂ ਅਤੇ ਨਿੱਜਤਾ ਦੀ ਰਾਖੀ’ ਵਿਸ਼ੇ ’ਤੇ ਸੈਮੀਨਾਰ ਸੀਟੀ ਯੂਨੀਵਰਸਿਟੀ ਚੌਂਕੀਮਾਨ (ਜਗਰਾਉਂ) ਦੇ ਸੈਮੀਨਾਰ ਹਾਲ ’ਚ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਸੈਮੀਨਾਰ ’ਚ ਲੇਖਕ ਤੇ ਬੁੱਧੀਜੀਵੀ ਕਰਮਜੀਤ ਸਿੰਘ ਚੰਡੀਗੜ੍ਹ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਜ਼ਰਾਈਲ ਦੀ ਕੰਪਨੀ ਐੱਨ.ਐੱਸ.ਓ ਵੱਲੋਂ ਭਾਰਤ ਦੇ ਨਾਮੀ ਪੱਤਰਕਾਰਾਂ, ਰਾਜਸੀ ਆਗੂਆਂ ਅਤੇ ਹੋਰ ਉੱਘੀਆਂ ਹਸਤੀਆਂ ਦੀ ਪੈਗਾਸਸ ਸਪਾਈਵੇਅਰ ਰਾਹੀਂ ਕਰਵਾਈ ਜਸੂਸੀ ’ਤੇ ਕੇਂਦਰਿਤ ਇਸ ਸੈਮੀਨਾਰ ’ਚ ਵੱਡੀ ਗਿਣਤੀ ’ਚ ਪੱਤਰਕਾਰਾਂ ਅਤੇ ਵਿਦਵਾਨਾਂ ਨੇ ਭਾਗ ਲਿਆ। ਲੇਖਕ ਕਰਮਜੀਤ ਸਿੰਘ ਚੰਡੀਗੜ੍ਹ ਨੇ ਇਸ ਕਾਰਵਾਈ ਨੂੰ ਕੇਂਦਰ ਵੱਲੋਂ ਦੇਸ਼ ਦੇ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਤੇ ਨਿੱਜਤਾ ’ਤੇ ਹਮਲਾ ਕਰਾਰ ਦਿੰਦਿਆਂ ਇਸ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਅਜਿਹੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਲਈ ਕਲਮਾਂ ਤਿੱਖੀਆਂ ਕਰਨ ਦੀ ਲੋੜ ਹੈ। ਗੁਰਪ੍ਰੀਤ ਸਿੰਘ ਮੰਡਿਆਣੀ ਨੇ ਇਸ ਤਾਣੇਬਾਣੇ ਨੂੰ ਲੋਕਤੰਤਰ ’ਤੇ ਕਲੰਕ ਆਖਿਆ। ਪ੍ਰੋ. ਕਰਮ ਸਿੰਘ ਸੰਧੂ ਨੇ ਕੇਂਦਰ ਨੂੰ ਇਸ ਵਰਤਾਰੇ ਦਾ ਜ਼ਿੰਮੇਵਾਰ ਦੱਸਦਿਆਂ ਮੰਦਭਾਗਾ ਕਰਾਰ ਦਿੱਤਾ।