ਪੱਤਰ ਪ੍ਰੇਰਕ
ਸਮਰਾਲਾ, 1 ਮਈ
ਅੱਜ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਸੱਦੇ ਉੱਤੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਵਿੱਦਿਅਕ, ਸਮਾਜਸੇਵੀ, ਸਾਹਿਤਕ, ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਦੇ ਆਹੁਦੇਦਾਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਸਮਰਾਲ਼ਾ ਸ਼ਹਿਰ ਦੀ ਬਿਹਤਰੀ ਲਈ ਪੁਰਾਣੇ ਰੈਸਟ ਹਾਊਸ ਦਾ ਨਵੀਨੀਕਰਨ ਕਰ ਕੇ, ਇਸ ਸਥਾਨ ਨੂੰ ਗ੍ਰੀਨ ਬੈਲਟ/ ਬਾਗ਼/ਪਾਰਕ ਵਜੋਂ ਵਿਕਸਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਜਗ੍ਹਾ ਬਲਾਕ ਸਮਿਤੀ ਦੀ ਮਾਲਕੀ ਅਧੀਨ ਹੈ ਅਤੇ ਕਿਸੇ ਸਮੇਂ ਇਸ ਥਾਂ ਉੱਤੇ ਰੈਸਟ ਹਾਊਸ ਬਣਿਆ ਹੋਇਆ ਸੀ। ਜਿਸ ਦੀ ਪੁਰਾਣੀ ਇਮਾਰਤ ਅਜੇ ਵੀ ਮੌਜੂਦ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਥਾਂ ਨੂੰ ਗ੍ਰੀਨ ਬੈਲਟ ਦੇ ਤੌਰ ’ਤੇ ਸਾਂਭਣ ਲਈ ਜੋ ਵੀ ਖਰਚਾ ਆਵੇਗਾ ਉਹ ਸਾਰਾ ਆਪਣੇ ਪੱਲਿਓਂ ਕਰਨ ਲਈ ਤਿਆਰ ਹਨ। ਪੰਜਾਬੀ ਸਾਹਿਤ ਸਭਾ ਸਮਰਾਲ਼ਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਜੇ ਪਰਮਜੀਤ ਸਿੰਘ ਢਿੱਲੋਂ ਉਪਰੋਕਤ ਖਰਚਾ ਕਰਨ ਲਈ ਤਿਆਰ ਹਨ ਤਾਂ ਉਨ੍ਹਾਂ ਦੀ ਸੰਸਥਾ ਅਤੇ ਵਕੀਲ ਭਾਈਚਾਰਾ ਇਹ ਲੜਾਈ ਫਰੰਟ ਦੇ ਮੋਢੇ ਨਾਲ਼ ਮੋਢਾ ਜੋੜ ਕੇ ਲੜੇਗਾ। ਆਉਣ ਵਾਲ਼ੇ ਦਿਨਾਂ ਵਿੱਚ ਇਕ ਸਾਂਝੀ ਕਮੇਟੀ ਬਣਾ ਕੇ ਅਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ਼ ਲੈ ਕੇ ਰੈਸਟ ਹਾਊਸ ਵਾਲੀ ਥਾਂ ਨੂੰ ਗ੍ਰੀਨ ਬੈਲਟ ਜਾਂ ਸ਼ਹਿਰ ਦੇ ਲੋਕਾਂ ਲਈ ਪਾਰਕ-ਨੁਮਾਂ ਬਾਗ਼ ਬਣਾਉਣ ਲਈ ਵੱਡੇ ਰੂਪ ਵਿੱਚ ਸੰਘਰਸ਼ ਵਿੱਢਿਆ ਜਾਵੇਗਾ।