ਸਤਵਿੰਦਰ ਬਸਰਾ
ਲੁਧਿਆਣਾ, 16 ਅਕਤੂਬਰ
ਸਨਅਤੀ ਸ਼ਹਿਰ ਵਿੱਚ ਲੱਗਦੇ ਆਵਾਜਾਈ ਜਾਮ ਤੋਂ ਰਾਹਗੀਰ ਕਾਫ਼ੀ ਪ੍ਰੇਸ਼ਾਨ ਹਨ। ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਲੁਧਿਆਣਾ ਦੀਆਂ ਸੜਕਾਂ ’ਤੇ ਲੱਗਦੇ ਲੰਮੇ ਜਾਮ ਤੋਂ ਲੋਕ ਬਹੁਤ ਔਖੇ ਹਨ। ਅੱਜ-ਕੱਲ੍ਹ ਖ਼ਰੀਦਦਾਰੀਅਤੇ ਹੋਰ ਕੰਮ-ਧੰਦਿਆਂ ਲਈ ਬਾਜ਼ਾਰ ਜਾਣ ਵਾਲੇ ਲੋਕਾਂ ਨੂੰ ਪੰਜ ਮਿੰਟ ਦਾ ਸਫ਼ਰ ਅੱਧੇ ਤੋਂ ਇੱਕ ਘੰਟੇ ਵਿੱਚ ਤੈਅ ਕਰਨਾ ਪੈ ਰਿਹਾ ਹੈ। ਸ਼ਹਿਰ ਵਿੱਚ ਟਰੈਫਿਕ ਇੰਨਾ ਵਧ ਗਿਆ ਹੈ ਕਿ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ।
ਜਿਉਂ-ਜਿਉਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਬਾਜ਼ਾਰਾਂ ਵਿੱਚ ਖਰੀਦਦਾਰੀ ਲਈ ਲੋਕਾਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ। ਸ਼ਹਿਰ ਦੀ ਕੋਈ ਹੀ ਅਜਿਹੀ ਸੜਕ ਹੋਵੇਗੀ ਜਿੱਥੇ ਟਰੈਫਿਕ ਜਾਮ ਨਾ ਹੁੰਦਾ ਹੋਵੇ। ਜਗਰਾਉਂ ਪੁਲ ਤੋਂ ਘੰਟਾ ਘਰ ਵੱਲ ਜਾਂਦੀ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਜਾਮ ਲੱਗਦਾ ਆ ਰਿਹਾ ਹੈ। ਅੱਜ ਐਤਵਾਰ ਕਰਕੇ ਇਹ ਜਾਮ ਇੰਨਾ ਵੱਡਾ ਹੋ ਗਿਆ ਕਿ ਲੋਕਾਂ ਨੂੰ ਪੰਜ ਮਿੰਟ ਵਿੱਚ ਤੈਅ ਹੋਣ ਵਾਲੇ ਫਾਸਲੇ ਲਈ ਅੱਧੇ ਤੋਂ ਪੌਣਾ ਘੰਟਾ ਤੱਕ ਲੱਗ ਰਿਹਾ ਸੀ। ਇਸ ਸੜਕ ’ਤੇ ਟਰੈਫਿਕ ਘੱਟ ਕਰਨ ਲਈ ਭਾਵੇਂ ਰਿੰਗ ਰੋਡ ਬਣਾਇਆ ਹੋਇਆ ਹੈ ਪਰ ਲੋਕ ਫਿਰ ਵੀ ਚਾਰ ਪਹੀਆ ਵਾਹਨ, ਆਟੋ-ਰਿਕਸ਼ਾ ਅਤੇ ਹੋਰ ਵੱਡੀਆਂ ਗੱਡੀਆਂ ਲੈ ਕੇ ਇੱਧਰ ਆ ਵੜਦੇ ਹਨ, ਜਿਸ ਕਰਕੇ ਜਾਮ ਲੱਗ ਜਾਂਦਾ ਹੈ। ਇਨ੍ਹਾਂ ਵਾਹਨਾਂ ਵਿੱਚ ਵੱਡੀ ਗਿਣਤੀ ਆਟੋ ਰਿਕਸ਼ਾ ਚਾਲਕਾਂ ਦੀ ਹੁੰਦੀ ਹੈ, ਜੋ ਸਵਾਰੀ ਉਤਾਰਨ ਅਤੇ ਚੜ੍ਹਾਉਣ ਲਈ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਸੜਕ ਦੇ ਵਿਚਾਲੇ ਹੀ ਆਟੋ ਰਿਕਸ਼ਾ ਰੋਕ ਲੈਂਦੇ ਹਨ। ਦੂਜੇ ਪਾਸੇ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਚੌੜਾ ਬਾਜ਼ਾਰ ਅਤੇ ਇਸ ਦੇ ਨਾਲ ਲੱਗਦੇ ਹੋਰ ਬਾਜ਼ਾਰਾਂ ਵਿੱਚ ਆਮ ਨਾਲੋਂ ਕਿਤੇ ਵੱਧ ਭੀੜ ਹੋ ਜਾਂਦੀ ਹੈ। ਸ਼ਹਿਰ ਦੀ ਬਿਜਲੀ ਮਾਰਕੀਟ, ਦਰੇਸੀ ਮੈਦਾਨ, ਦਾਲ ਬਾਜ਼ਾਰ, ਗੁੜ੍ਹ ਮੰਡੀ, ਫੀਲਡ ਗੰਜ, ਸਾਬਣ ਬਾਜ਼ਾਰ, ਡਵੀਜ਼ਨ ਨੰਬਰ ਤਿੰਨ, ਸੁਹਾਨੀ ਬਿਲਡਿੰਗ, ਘੁਮਾਰ ਮੰਡੀ, ਜਨਕਪੁਰੀ ਬਾਜ਼ਾਰ ਵਿੱਚ ਵੀ ਆਮ ਨਾਲੋਂ ਕਈ ਗੁਣਾ ਵੱਧ ਭੀੜ ਰਹੀ।