ਸੰਤੋਖ ਗਿੱਲ
ਗੁਰੂਸਰ ਸੁਧਾਰ, 23 ਅਪਰੈਲ
ਕੇਂਦਰ ਦੀ ਹਕੂਮਤ ਨੂੰ ਜਗਾਉਣ ਲਈ ਹੁਣ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਔਰਤਾਂ ਦਿਨ ਵੇਲੇ ਜਾਗੋ ਕੱਢਣ ਲੱਗੀਆਂ ਹਨ। ਜਨਵਾਦੀ ਇਸਤਰੀ ਸਭਾ ਨੇ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਲੋਕਾਂ ਨੂੰ ਜਗਾਉਣ ਲਈ ਕਿਸਾਨੀ ਘੋਲ ਦੇ ਹੱਕ ਵਿਚ ਗੀਤ, ਬੋਲੀਆਂ ਅਤੇ ਟੱਪੇ ਗਾ ਕੇ ਨਾਰੰਗਵਾਲ ਪਿੰਡ ਦੀਆਂ ਗਲੀਆਂ ਵਿਚ ਸਰਕਾਰ ਨੂੰ ਲਾਹਨਤਾਂ ਪਾਈਆਂ। ਕਿਸਾਨੀ ਘੋਲ ਨੂੰ ਹੋਰ ਤੇਜ਼ ਕਰਨ ਲਈ ਜਨ ਸੰਪਰਕ ਮੁਹਿੰਮ ਅਤੇ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਆ ਪੱਖ ਪੂਰਨ ਲਈ ਪਾਸ ਕੀਤੇ ਵਿਵਾਦਿਤ ਖੇਤੀ ਕਾਨੂੰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਾਨ ਦੇਸ਼ ਭਗਤ ਭਾਈ ਰਣਧੀਰ ਸਿੰਘ ਦੇ ਜੱਦੀ ਪਿੰਡ ਵਿੱਚ ਇਨਕਲਾਬੀ ਜਾਗੋ ਕੱਢੀ ਗਈ।
ਇਸ ਮੌਕੇ ਬੀਬੀ ਸਰਬਜੀਤ ਕੌਰ, ਕੁਲਦੀਪ ਕੌਰ, ਕਰਮਜੀਤ ਕੌਰ, ਸੁਖਮਿੰਦਰ ਕੌਰ ਰਾਣੀ ਅਤੇ ਹਰਵਿੰਦਰ ਕੌਰ ਗਰੇਵਾਲ ਦੀ ਅਗਵਾਈ ਵਿਚ ਜਾਗੋ ਕੱਢਣ ਮੌਕੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਨੇ ਕਿਹਾ ਕਿ ਹੁਣ ਘਰਾਂ ਵਿੱਚ ਚੁੱਪ ਕਰ ਕੇ ਬੈਠਣ ਦਾ ਵੇਲਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣੇ ਜ਼ਮੀਨਾਂ, ਰੁਜ਼ਗਾਰ ਖੋਹ ਕੇ ਚੁੱਲ੍ਹੇ ਠੰਢੇ ਕਰਨ ਦੇ ਰਾਹ ਪੈ ਗਏ ਹਨ। ਹੁਣ ਭੁੱਖੇ ਮਰਨ ਨਾਲੋਂ ਇਸ ਨਾਕਸ ਪ੍ਰਬੰਧ ਵਿਰੁੱਧ ਲੜਾਈ ਬਿਨਾ ਕੋਈ ਹੋਰ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਪੱਖੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਹੰਭਲਾ ਮਾਰਨਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਕੌਰ, ਗੁਰਮੀਤ ਕੌਰ, ਸੁਰਿੰਦਰ ਕੌਰ, ਗਿਆਨ ਕੌਰ, ਡਿੰਪਲ, ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਪਰਮਜੀਤ ਕੌਰ ਜੜਤੌਲੀ, ਰਜਿੰਦਰ ਕੌਰ, ਮੋਨਿਕਾ ਢਿੱਲੋਂ ਨੇ ਵੀ ਸੰਬੋਧਨ ਕੀਤਾ।
ਕਿਸਾਨ ਮੋਰਚੇ ’ਚ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ
ਜਗਰਾਉਂ (ਜਸਬੀਰ ਸ਼ੇਤਰਾ): ਇੱਥੇ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦਾ 205ਵਾਂ ਦਿਨ ਅੱਜ ਕਿਤਾਬ ਦਿਵਸ ਨੂੰ ਸਮਰਪਿਤ ਰਿਹਾ। ਬੁਲਾਰਿਆਂ ਨੇ ਨਾ ਸਿਰਫ਼ ਕਿਸਾਨਾਂ ਨੂੰ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ ਸਗੋਂ ਨੇਮ ਨਾਲ ਇਹ ਕਾਰਜ ਕਰਨ ਦਾ ਪ੍ਰਣ ਵੀ ਲਿਆ ਗਿਆ। ਲੋਕ-ਪੱਖੀ ਸਾਹਿਤਕਾਰ ਹਰਬੰਸ ਸਿੰਘ ਅਖਾੜਾ ਨੇ ਕਿਹਾ ਕਿ ਕਲਮ ਅਤੇ ਕਿਤਾਬ ਸੰਸਾਰ ਨੂੰ ਬਦਲਣ ਦੀ ਤਾਕਤ ਰੱਖਦੀਆਂ ਹਨ। ਦੁਨੀਆਂ ਭਰ ਦਾ ਗਿਆਨ ਕਿਤਾਬਾਂ ’ਚ ਦਰਜ ਹੈ। ਹੁਣ ਤਕ ਸੰਸਾਰ ਭਰ ’ਚ ਵੱਖ ਵੱਖ ਮੁਲਕਾਂ ’ਚ ਜਿਥੇ ਵੀ ਰਾਜ ਤੇ ਸਮਾਜ ਬਦਲੀ ਦੇ ਪਲਟੇ ਹੋਏ ਹਨ, ਉਨ੍ਹਾਂ ਪਿੱਛੇ ਵਿਦਵਾਨਾਂ, ਚਿੰਤਕਾਂ ਦਾ ਰਾਤਾਂ ਕੱਟ ਕੇ ਰਚਿਆ ਸਾਹਿਤ ਹੈ ਜਿਸ ਨੇ ਦੁਨੀਆਂ ਦੇ ਵਰਤਾਰਿਆਂ ਨੂੰ ਜਾਨਣ, ਸਮਝਣ ਲਈ ਸ਼ਾਨਦਾਰ ਰੋਲ ਨਿਭਇਆ ਹੈ। ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਪ੍ਰੋ. ਸੁਖਚਰਨਪਰੀਤ ਸਿੰਘ, ਕਰਤਾਰ ਸਿੰਘ ਵੀਰਾਨ ਨੇ ਕਿਹਾ ਕਿ ਚਿੰਤਨ, ਵਿਦਵਤਾ, ਗਿਆਨ ਸੰਸਾਰ ਦਾ ਆਧਾਰ ਹੈ। ਧਰਨਾਕਾਰੀਆਂ ਨੇ ਕਿਤਾਬਾਂ ਨਾਲ ਜੁੜਨ ਦਾ ਪ੍ਰਣ ਕੀਤਾ। ਪ੍ਰੋ. ਸਰਬਜੀਤ ਸਿੰਘ, ਜਗਦੀਸ਼ ਸਿੰਘ, ਜਗਤਾਰ ਸਿੰਘ ਦੇਹੜਕਾ, ਕੁਲਵਿੰਦਰ ਸਿੰਘ ਢੋਲਣ, ਹਰਚੰਦ ਸਿੰਘ ਢੋਲਣ, ਹਰਭਜਨ ਸਿੰਘ ਦੌਧਰ, ਮਦਨ ਸਿੰਘ, ਰਾਮਜੀ ਦਾਸ, ਜਗਦੀਪ ਸਿੰਘ ਕੋਠੇ ਖੰਜੂਰਾ, ਅਜਾਇਬ ਸਿੰਘ ਕੋਠੇ ਸ਼ੇਰਜੰਗ, ਬਲਦੇਵ ਸਿੰਘ ਫ਼ੌਜੀ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਨੇ ਮੁੜ ਜ਼ੋਰ ਫੜ ਲਿਆ ਹੈ। ਔਰਤਾਂ ਨੇ ਮੁੜ ਮੋਹਰੀ ਭੂਮਿਕਾ ਨਿਭਾਈ ਹੈ।