ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਜੂਨ
ਸਥਾਨਕ ਸ਼ਹਿਰ ’ਚ ਰੋਪੜ ਰੋਡ ’ਤੇ ਇੱਕ ਫਲ ਵਿਕ੍ਰੇਤਾ ਦੀ ਦੁਕਾਨ ਵਿੱਚ ਸਵੇਰੇ ਕਰੀਬ 5 ਵਜੇ ਸਿਲੰਡਰ ਫਟ ਗਿਆ। ਇਸ ਕਾਰਨ ਹੋਏ ਜ਼ਬਰਦਸਤ ਧਮਾਕੇ ਨਾਲ ਆਸ-ਪਾਸ ਘਰਾਂ ਵਿਚ ਰਹਿੰਦੇ ਲੋਕ ਵੀ ਸਹਿਮ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ ਰੋਡ ’ਤੇ ਫਲਾਂ ਦੀ ਦੁਕਾਨ ਕਰਦੇ ਰਾਕੇਸ਼ ਕੁਮਾਰ ਅਤੇ ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ 10 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਤੜਕਸਾਰ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਹੈ ਪਰ ਜਦੋਂ ਤੱਕ ਉਹ ਉੱਥੇ ਪਹੁੰਚਦੇ ਉਦੋਂ ਤੱਕ ਦੁਕਾਨ ਵਿਚ ਪਿਆ ਸਿਲੰਡਰ ਫਟਣ ਨਾਲ ਹੋਏ ਧਮਾਕੇ ’ਚ ਸਾਰਾ ਸਾਮਾਨ ਤਹਿਸ-ਨਹਿਸ ਹੋ ਚੁੱਕਾ ਸੀ। ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਫਰੂਟ ਵੇਚਣ ਦੇ ਨਾਲ ਦੁਕਾਨ ਦੇ ਬਾਹਰ ਵੀ ਰੇਹੜੀ ਲਗਾ ਕੇ ਫਾਸਟ ਫੂਡ ਦਾ ਕੰਮ ਵੀ ਕਰਦਾ ਸੀ ਜਿਸ ਲਈ ਉਸ ਨੇ ਸਿਲੰਡਰ ਰੱਖਿਆ ਹੋਇਆ ਸੀ। ਸਿਲੰਡਰ ਫਟਣ ਕਾਰਨ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਦੁਕਾਨ ਦਾ ਸ਼ਟਰ ਹਵਾ ਵਿਚ ਉਛਲਦਾ ਹੋਇਆ ਸੜਕ ’ਤੇ ਜਾ ਡਿੱਗਿਆ। ਦੁਕਾਨ ਅੰਦਰ ਪਿਆ ਸਾਮਾਨ ਜਿਸ ’ਚ 2 ਫਰਿੱਜ, ਸਾਈਕਲ, ਫਰੂਟ, ਕੋਲਡ ਡ੍ਰਿੰਕ ਦੀਆਂ ਬੋਤਲਾਂ ਅਤੇ ਇੱਕ ਟੈਲੀਵਿਜ਼ਨ ਸਾਰੇ ਤਬਾਹ ਹੋ ਗਏ। ਸਿਲੰਡਰ ਫਟਣ ਕਾਰਨ ਦੁਕਾਨਦਾਰ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਦੁਕਾਨ ਅੰਦਰ ਪਏ ਸਿਲੰਡਰ ਫਟਣ ਦੇ ਕਾਰਨਾਂ ਦੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।