ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਜੂਨ
ਸੰਯੁਕਤ ਕਿਸਾਨ ਮੋਰਚੇ ਦੀਆਂ ਹਮਾਇਤੀ ਅਤੇ ਕਈ ਮਹੀਨੇ ਤੋਂ ਚੌਕੀਮਾਨ ਟੌਲ ਪਲਾਜ਼ੇ ’ਤੇ ਲਗਾਤਾਰ ਧਰਨਾ ਦੇ ਰਹੀਆਂ ਜਥੇਬੰਦੀਆਂ ਨੇ ਅੱਜ ਜਗਰਾਉਂ ’ਚ ਇਕ ਮਹੀਨੇ ਤੋਂ ਚੱਲ ਰਹੀ ਸਫਾਈ ਕਾਮਿਆਂ ਦੀ ਹੜਤਾਲ ’ਚ ਸ਼ਮੂਲੀਅਤ ਕੀਤੀ। ਇਹ ਵੱਖ ਵੱਖ ਜਥੇਬੰਦੀਆਂ ਸਫਾਈ ਕਾਮਿਆਂ ਦੇ ਧਰਨੇ ’ਚ ਸ਼ਾਮਲ ਹੋਈਆਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਵਾਜਬ ਕਰਾਰ ਦਿੰਦਿਆਂ ਹਮਾਇਤ ਦਾ ਐਲਾਨ ਕੀਤਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਅਤੇੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਚੌਕੀਮਾਨ ਤੋਂ ਵੱਡਾ ਕਾਫਲਾ ਲੈ ਕੇ ਮਾਰਚ ਕਰਦੇ ਹੋਏ ਇਥੇ ਸਫਾਈ ਕਰਮਚਾਰੀ ਯੂਨੀਅਨ ਦੇ ਧਰਨੇ ’ਚ ਪਹੁੰਚੇ। ਇਸ ਮੌਕੇ ਸਤਨਾਮ ਸਿੰਘ ਮੋਰਕਰੀਮਾ, ਅਵਤਾਰ ਸਿੰਘ ਰਸੂਲਪੁਰ, ਜਸਦੇਵ ਸਿੰਘ ਲਲਤੋਂ, ਬਲਵਿੰਦਰ ਸਿੰਘ ਕੋਠੇ ਪੋਨਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਫਾਈ ਕਾਮਿਆਂ ਦੇ ਹੱਕਾਂ ਉੱਪਰ ਡਾਕਾ ਮਾਰਨਾ ਬੰਦ ਕਰੇ। ਇਨ੍ਹਾਂ ਜਥੇਬੰਦੀਆਂ ਨੇ ਸਫਾਈ ਕਾਮਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਮਾਣ-ਸਨਮਾਨ ਦੇ ਸੰਗਰਾਮੀ ਸੰਘਰਸ਼ ’ਚ ਨਾਲ ਖੜ੍ਹੇ ਹਨ। ਸਫਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਇਨ੍ਹਾਂ ਜਥੇਬੰਦੀਆਂ ਦਾ ਹਮਾਇਤ ਦੇਣ ਲਈ ਧੰਨਵਾਦ ਕੀਤਾ। ਲੁਧਿਆਣਾ (ਸਤਵਿੰਦਰ ਬਸਰਾ): ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਭਰ ‘ਚ ਚੱਲ ਰਹੇ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਹੱਕੀ ਘੋਲ ਦੀ ਡਟਵੀਂ ਹਮਾਇਤ ਕਰਨ ਦਾ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਹੈ। ਇਸ ਮੌਕੇ ਮਾਸਟਰ ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਸੁਖਦੇਵ ਸਿੰਘ, ਮਲਕੀਤ ਸਿੰਘ, ਸ਼ਿੰਦਰ ਸਿੰਘ ਜਵੱਦੀ, ਚਰਨਜੀਤ ਸਿੰਘ ਹਿੰਮਾਯੂਪੁਰਾ, ਬਾਲਕ੍ਰਿਸ਼ਨ ਤੇ ਚਮਕੌਰ ਸਿੰਘ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਚੋਣ ਵਾਅਦੇ ਅਨੁਸਾਰ ਇਨ੍ਹਾਂ ਨੂੰ ਪੱਕਾ ਕਰੇ, ਨਹੀਂ ਤਾਂ ਸਮੂਹ ਕਿਸਾਨ-ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਇਸ ਹੱਕੀ ਘੋਲ ਦੀ ਭਰਾਤਰੀ ਮੱਦਦ ਲਈ ਸੜਕਾਂ ’ਤੇ ਨਿਤਰਨਗੀਆਂ। ਮੀਟਿੰਗ ਦੌਰਾਨ ਪਾਏ ਇਕ ਮਤੇ ਰਾਹੀਂ ਕੌਮਾਗਾਟਾਮਾਰੂ ਕਮੇਟੀ ਨੇ ਪਿਛਲੇ 6 ਮਹੀਨੇ ਅੰਦਰ ਦੇਸ਼ ਅੰਦਰਲੇ ਅਤੇ ਵਿਦੇਸ਼ ‘ਚ ਵਸਦੇ ‘ਆਪ’ ਦੇ ਹਮਦਰਦਾਂ ਵੱਲੋਂ ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਰਾਹੀਂ ਸੰਯੁਕਤ ਕਿਸਾਨ ਮੋਰਚਾ (ਦਿੱਲੀ) ਦੀ ਅੱਜ ਤੱਕ ਕੀਤੀ ਆਰਥਿਕ ਸਹਾਇਤਾ ਲਈ ਧੰਨਵਾਦ ਕੀਤਾ ਗਿਆ।
ਧਰਨੇ ’ਤੇ ਬੈਠੇ ਸਫ਼ਾਈ ਕਰਮੀਆਂ ਦਾ ਸਨਮਾਨ
ਪਾਇਲ (ਦੇਵਿੰਦਰ ਸਿੰਘ ਜੱਗੀ): ਆਪਣੀ ਹਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ਦੇ ਜਜ਼ਬੇ ਨੂੰ ਸਲਾਮ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਫੂਲ੍ਹੇ ਸ਼ਾਹੂ ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂਆਂ ਵੱਲੋਂ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਵਿਚ ਧਰਨੇ ’ਤੇ ਬੈਠੇ ਧਰਨਾਕਾਰੀਆਂ ਦਾ ਸਨਮਾਨ ਕੀਤਾ ਗਿਆ। ਸ੍ਰੀ ਕਾਲੀ ਨੇ ਕਿਹਾ ਕਿ 13 ਮਈ ਤੋਂ ਲਗਾਤਾਰ ਗਰਮੀ ਵਿੱਚ ਛੋਟੇ-ਛੋਟੇ ਬੱਚੇ ਔਰਤਾਂ ਬਜ਼ੁਰਗਾਂ ਸਮੇਤ ਧਰਨੇ ਤੇ ਬੈਠੇ ਧਰਨਾਕਾਰੀਆਂ ਦੀ ਕਾਂਗਰਸ ਸਰਕਾਰ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਨਹੀਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਪ੍ਰਧਾਨ ਧਰਮਪਾਲ ਅਤੇ ਰੌਕੀ ਸਹੋਤਾ ਨੇ ਕਿਹਾ ਕਿ 15 ਜੂਨ ਨੂੰ ਪੰਜਾਬ ਪ੍ਰਦੇਸ਼ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਪਟਿਆਲਾ ਵਿੱਚ ਧਰਨਾ ਦਿਤਾ ਜਾ ਰਿਹਾ ਹੈ।