ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੁਲਾਈ
ਸਕੂਲ ਤੇ ਕਾਲਜਾਂ ’ਚ ਨਕਲ ਕਰਨ ਦੇ ਮਾਮਲੇ ਤਾਂ ਲੋਕਾਂ ਨੇ ਕਈ ਸੁਣੇ ਹੋਣਗੇ, ਪਰ ਪੰਜਾਬੀਆਂ ਨੇ ਵਿਦੇਸ਼ੀ ਯੂਨੀਵਰਸਿਟੀਆਂ ’ਚ ਵੀ ਆਪਣੇ ਹੱਥ ਸਾਫ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬੀ ਨੌਜਵਾਨਾਂ ਨੇ ਅਜਿਹਾ ਜੁਗਾੜ ਕੀਤਾ ਕਿ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਲੱਖਾਂ ਰੁਪਏ ਲੈ ਕੇ ਆਈਲੈਟਸ ਦੇ ਪੇਪਰ ਪਾਸ ਹੋਣ ਦੀ ਗਾਰੰਟੀ ਵੀ ਦਿੱਤੀ। ਥਾਣਾ ਸਾਹਨੇਵਾਲ ਪੁਲੀਸ ਨੇ ਪੂਰੇ ਪੰਜਾਬ ’ਚ ਅਜਿਹਾ ਰੈਕੇਟ ਚਲਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਦੋਂਕਿ ਗਰੋਹ ਦਾ ਮੁੱਖ ਸਰਗਨਾ ਹਾਲੇ ਫ਼ਰਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਮੋਗਾ ਦੇ ਪਿੰਡ ਰੋਡੇ ਵਾਸੀ ਦਿਲਬਾਗ ਸਿੰਘ, ਪਿੰਡ ਸੰਗਤਪੁਰਾ ਵਾਸੀ ਹਰਸੰਗੀਤ ਸਿੰਘ ਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜਦੋਂਕਿ ਮੁੱਖ ਸਰਗਨਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਵਧਾਈ ਦਾ ਰਹਿਣ ਵਾਲਾ ਗੁਰਭੇਜ ਸਿੰਘ ਹਾਲੇ ਫ਼ਰਾਰ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਪੰਜ ਇਲੈਕਟ੍ਰੋਨਿਕ ਸਿਮ ਡਿਵਾਇਸ, ਸੱਤ ਬਲੂਟੁੱਥ, ਪੰਜ ਮੋਬਾਈਲ ਫੋਨ, ਕਾਰ, ਪੇਪਰ ਤੇ ਨੌਜਵਾਨ ਦਾ ਪਾਸਪੋਰਟ ਬਰਾਮਦ ਕੀਤਾ ਹੈ।
ਏਡੀਸੀਪੀ-2 ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਦਿਲਬਾਗ ਸਿੰਘ, ਹਰਸੰਗੀਤ ਸਿੰਘ ਤੇ ਜਸਪ੍ਰੀਤ ਸਿੰਘ ਗੁਰਭੇਜ ਸਿੰਘ ਗਰੋਹ ਚਲਾ ਰਹੇ ਹਨ। ਇਹ ਆਈਡੀਪੀ ਇੰਟਰਨੈਸ਼ਨਲ ਕੰਪਨੀ ਹੈੱਡ ਦਫ਼ਤਰ ਗੁੜਗਾਉਂ ਹਰਿਆਣਾ ਵੱਲੋਂ ਲਏ ਜਾਣ ਵਾਲੇ ਆਈਲੈਟਸ ਟੈਸਟ ’ਚ ਇਲੈਕਟ੍ਰੋਨਿਕ ਸਾਮਾਨ ਦੀ ਵਰਤੋਂ ਕਰ ਕੇ ਫੋਨ ਰਾਹੀਂ ਐਗਜ਼ਾਮੀਨੇਸ਼ਨ ਹਾਲ ’ਚ ਬਾਹਰ ਤੋਂ ਪ੍ਰਸ਼ਨ ਪੱਤਰ ’ਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੱਸ ਕੇ ਪੇਪਰ ਕਰਵਾਉਂਦੇ ਸਨ। ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਗੁਰਭੇਜ ਸਿੰਘ ਦਾ ਸ੍ਰੀ ਮੁਕਤਸਰ ਸਾਹਿਬ ’ਚ ਮਾਸਟਰ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ ਹੈ। ਗੁਰਭੇਜ ਸਿੰਘ ਚੱਲਦੇ ਆਈਲੈਟਸ ਪੇਪਰ ਦੌਰਾਨ ਪ੍ਰਸ਼ਨ ਪੱਤਰ ਨੂੰ ਆਪਣੇ ਲਿੰਕ ਰਾਹੀਂ ਵਟਸਐਪ ’ਚ ਪੇਪਰ ਮੰਗਵਾ ਕੇ ਦਿਲਬਾਗ ਨੂੰ ਭੇਜਦਾ ਸੀ। ਗੁਰਭੇਜ ਸਿੰਘ ਦਾ ਅੱਗੇ ਐਗਜ਼ਾਮੀਨੇਸ਼ਨ ਹਾਲ ’ਚ ਤਾਇਨਾਤ ਕਿਸੇ ਕਰਮੀ ਰਾਹੀਂ ਆਈਲੈਟਸ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਬਲੂਟੁੱਥ, ਸਿਮ ਡਰਾਈਵਰ ਦੇ ਦਿੰਦੇ ਸਨ। ਦਿਲਬਾਗ ਸਿੰਘ ਉਸ ਰਾਹੀਂ ਵਿਦਿਆਰਥੀਆਂ ਨੂੰ ਪੇਪਰ ਕਰਵਾਉਂਦਾ ਸੀ। ਜਿਸ ਤੋਂ ਬਾਅਦ ਨਤੀਜਾ ਆਉਂਦਾ ਸੀ ਤੇ ਪੇਪਰ ਕਲੀਅਰ ਕਰਨ ਵਾਲੇ ਨੌਜਵਾਨਾਂ ਤੋਂ ਲੱਖਾਂ ਰੁਪਏ ਵਸੂਲੇ ਜਾਂਦੇ ਸਨ।
ਫਰਜ਼ੀ ਦਸਤਾਵੇਜ਼ਾਂ ਰਾਹੀਂ ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਵਾਲਾ ਮਨੀ ਐਕਸਚੇਂਜਰ ਗ੍ਰਿਫ਼ਤਾਰ
ਲੁਧਿਆਣਾ (ਟਨਸ): ਪੁਲੀਸ ਨੇ ਮ੍ਰਿਤਕਾਂ ਦੇ ਪਛਾਣ ਪੱਤਰ ਲਾ ਕੇ ਉਨ੍ਹਾਂ ਦੇ ਨਾਮ ’ਤੇ ਆਈਡੀ ਬਣਾਉਣ ਤੇ ਜਾਅਲੀ ਦਸਤਖ਼ਤ ਕਰ ਕੇ ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਦੇ ਮਾਮਲੇ ਵਿੱਚ ਮਨੀ ਐਕਸਚੇਂਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਮ੍ਰਿਤਕਾਂ ਦੀ ਆੜ ’ਚ ਹਵਾਲਾ ਕਾਰੋਬਾਰ ਦਾ ਵੀ ਸ਼ੱਕ ਹੈ। ਪੁਲੀਸ ਨੇ ਮਨੀ ਐਕਸਚੇਂਜਰ ਨਿਊ ਕਿਚਲੂ ਨਗਰ ਵਾਸੀ ਅਸ਼ੋਕ ਕੁਮਾਰ ਦੇ ਦਫ਼ਤਰ ’ਚ ਛਾਪਾ ਮਾਰ ਕੇ ਉਥੋਂ ਵੱਡੀ ਗਿਣਤੀ ’ਚ ਪਛਾਣ ਪੱਤਰ ਵੀ ਬਰਾਮਦ ਕੀਤੇ ਹਨ। ਇਨ੍ਹਾਂ ਪੱਤਰਾਂ ’ਚ ਮ੍ਰਿਤਕਾਂ ਦੇ ਪਛਾਣ ਪੱਤਰ ਵੀ ਸ਼ਾਮਲ ਹਨ। ਥਾਣਾ ਕੋਤਵਾਲੀ ਪੁਲੀਸ ਨੇ ਇਸ ਮਾਮਲੇ ’ਚ ਅਸ਼ੋਕ ਕੁਮਾਰ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।