ਹਰਜੀਤ ਸਿੰਘ
ਡੇਰਾਬੱਸੀ, 14 ਮਈ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਫਲਾਈਓਵਰ ਦੀ ਵੱਡੀ ਖਾਮੀ ਸਾਹਮਣੇ ਆਈ ਹੈ। ਇਸਦੇ ਡਿਵਾਈਡਰ ਦੇ ਵਿਚਕਾਰ ਖਾਲੀ ਥਾਂ ਤੋਂ ਦੋ ਵੱਖ-ਵੱਖ ਟਰੱਕਾਂ ਦੇ ਡਰਾਈਵਰ ਰਾਤ ਦੇ ਹਨੇਰੇ ਕਾਰਨ ਹੇਠਾਂ ਡਿੱਗ ਗਏ ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਜ਼ਖ਼ਮੀ ਡਰਾਈਵਰ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਮ੍ਰਿਤਕ ਡਰਾਈਵਰ ਦੇ ਕਡੰਕਟਰ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੇ ਐਤਵਾਰ ਤੜਕੇ ਯੂ.ਪੀ. ਅਤੇ ਰਾਜਸਥਾਨ ਨੰਬਰ ਦੇ ਦੋ ਟਰੱਕ ਅੰਬਾਲਾ ਤੋਂ ਚੰਡੀਗੜ੍ਹ ਵਲ ਜਾ ਰਹੇ ਸੀ। ਫਲਾਈਓਵਰ ’ਤੇ ਜਾਮ ਦੌਰਾਨ ਦੋਵਾਂ ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਜਦ ਦੋਵੇਂ ਡਰਾਈਵਰ ਟਰੱਕਾਂ ਨੂੰ ਦੇਖਣ ਲਈ ਹੇਠਾਂ ਆਏ ਤਾਂ ਉਨ੍ਹਾਂ ਡਿਵਾਈਡਰ ਦੇ ਵਿਚਕਾਰ ਡੇਢ ਤੋਂ ਦੋ ਫੁੱਟ ਦੇ ਛੱਡੇ ਖਾਲੀ ਥਾਂ ਤੋਂ ਦੋਵੇਂ ਤਕਰੀਬਨ 30 ਫੁੱਟ ਹੇਠਾਂ ਡਿੱਗ ਗਏ। ਪਹਿਲਾਂ ਇਕ ਡਰਾਈਵਰ ਡਿੱਗਿਆ ਜਿਸਦੇ ਉੱਪਰ ਹੀ ਦੂਜਾ ਡਿੱਗ ਗਿਆ। ਫਲਾਈਓਵਰ ਦੇ ਹੇਠਾਂ ਕੱਚੀ ਥਾਂ ਹੋਣ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਜੀਐੱਮਆਰ ਕੰਪਨੀ ਦੀ ਰੋਡ ਸੁਰੱਖਿਆ ਐਬੂਲੈਂਸ ਰਾਹੀਂ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਯੂ.ਪੀ. ਨੰਬਰ ਵਾਲੇ ਟਰੱਕ ਡਰਾਈਵਰ ਮੁਹੰਮਦ ਮੁਸਤਫਾ ਵਾਸੀ ਸ਼ਾਮਲੀ ਉੱਤਰ ਪ੍ਰਦੇਸ਼ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਰਾਜਸਥਾਨ ਨੰਬਰ ਦੇ ਟਰੱਕ ਚਾਲਕ ਗੱਬਰ ਨੂੰ ਦਾਖ਼ਲ ਕਰ ਲਿਆ ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਟਰੱਕ ਦੇ ਕੰਡਕਟਰ ਆਸ਼ੂ ਦੇ ਬਿਆਨਾਂ ਦੇ ਆਧਾਰ ’ਤੇ ਪਿੱਛੇ ਆ ਰਹੇ ਰਾਜਸਥਾਨ ਨੰਬਰ ਦੇ ਜ਼ਖ਼ਮੀ ਟਰੱਕ ਡਰਾਈਵਰ ਗੱਬਰ ਖ਼ਿਲਾਫ਼ ਟੱਕਰ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਲਾਈਓਵਰ ਦੀ ਇਕ ਹੋਰ ਖਾਮੀ ਆਈ ਸਾਹਮਣੇ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਉਸਾਰੇ ਗਏ ਫਲਾਈਓਵਰ ਤੋਂ ਸ਼ੁਰੂ ਤੋਂ ਭਾਰੀ ਖਾਮੀਆਂ ਹਨ। ਇਹ ਫਲਾਈਓਵਰ ਲੰਘੇ ਸਮੇਂ ਤੋਂ ਥਾਂ ਥਾਂ ਤੋਂ ਟੁੱਟ ਰਿਹਾ ਹੈ। ਇਸਦੇ ਉੱਪਰ ਤੋਂ ਕੰਕਰੀਟ ਟੁੱਟ ਕੇ ਹੇਠਾਂ ਡਿੱਗ ਰਿਹਾ ਹੈ। ਇਸ ਤੋਂ ਇਲਾਵਾ ਇਸਦੀ ਦੋਵੇਂ ਲੇਨਾਂ ਵਿਚਕਾਰ ਡੇਢ ਤੋਂ ਦੋ ਫੁੱਟ ਥਾਂ ਖਾਲੀ ਛੱੜੀ ਹੋਈ ਹੈ ਜਿਸ ਤੋਂ ਕੋਈ ਵੀ ਹੇਠਾਂ ਡਿੱਗ ਸਕਦਾ ਹੈ।