ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜਨਵਰੀ
ਅਕਾਲ ਸਹਾਇ ਅਜਾਇਬ ਘਰ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਅਤੇ ਸਿੱਖਾਂ ਵੱਲੋਂ ਜਿੱਤੇ ਤਗਮਿਆਂ ਅਤੇ ਚਲਾਏ ਸਿੱਕਿਆਂ ਤੋਂ ਜਾਣੂ ਕਰਵਾਉਣ ਲਈ ਆਈ ਬਲਾਕ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਪ੍ਰਦਰਸ਼ਨੀ ਲਾਈ ਗਈ। ਇਸ 220ਵੀਂ ਸਿੱਖ ਵਿਰਾਸਤ ਪ੍ਰਦਰਸ਼ਨੀ ਨੂੰ ਹਜ਼ਾਰਾਂ ਸੰਗਤਾਂ ਨੇ ਦੇਖਿਆ ਅਤੇ ਗਿਆਨ ਪ੍ਰਾਪਤ ਕੀਤਾ। ਇਸ ਨੁਮਾਇਸ਼ ਵਿੱਚ ਨਰਿੰਦਰ ਪਾਲ ਸਿੰਘ ਵੱਲੋਂ ਇਕੱਤਰ ਕੀਤੇ ਨਾਨਕਸ਼ਾਹੀ ਸਿੱਕੇ, ਪੁਰਾਤਨ ਸ਼ਸਤਰ ਅਤੇ ਸਿੱਖ ਫੌਜੀਆਂ ਵੱਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਦੀਆਂ ਲੜਾਈਆਂ ਵਿੱਚ ਜਿੱਤੇ ਮੈਡਲ ਪ੍ਰਦਰਸ਼ਿਤ ਕੀਤੇ ਗਏ। ਇਸ ਵਿਰਾਸਤੀ ਪ੍ਰਦਰਸ਼ਨ ਦੌਰਾਨ ਹਜ਼ਾਰਾਂ ਸੰਗਤਾਂ ਨੇ ਇਤਿਹਾਸਕ ਵਸਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਨਰਿੰਦਰ ਨੇ ਦੱਸਿਆ ਕਿ ਸਾਡੇ ਵਿੱਚ ਬਹੁਤੇ ਪੰਜਾਬੀ ਅਜਿਹੇ ਹਨ, ਜਿਨ੍ਹਾਂ ਨੂੰ ਸਿੱਖਾਂ ਵੱਲੋਂ ਚਲਾਏ ਸਿੱਕਿਆਂ ਬਾਰੇ ਪਤਾ ਨਹੀਂ, ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਨਾਨਕਸ਼ਾਹੀ ਅਜਿਹੇ ਸਿੱਕੇ ਸਨ, ਜਿਸ ’ਤੇ ਕਿਸੇ ਰਾਜੇ ਦਾ ਨਾਂ ਨਹੀਂ ਸਗੋਂ ਗੁਰੂ ਵੱਲੋਂ ਚਲਾਏ ਗਏ ਸਨ। ਇਸ ਪ੍ਰਦਰਸ਼ਨੀ ਵਿੱਚ ਜੰਗਾਂ ਦੌਰਾਨ ਵਰਤੇ ਜਾਂਦੇ ਕਈ ਸ਼ਸਤਰ ਵੀ ਰੱਖੇ ਹੋਏ ਸਨ। ਇਨ੍ਹਾਂ ਬਾਰੇ ਜਿੱਥੇ ਕਈ ਬੱਚਿਆਂ ਨੇ ਸਵਾਲ ਪੁੱਛੇ, ਉੱਥੇ ਨੌਜਵਾਨਾਂ ਨੇ ਵੀ ਇਨ੍ਹਾਂ ਨੂੰ ਚਲਾਉਣ ਦੇ ਢੰਗਾਂ ਆਦਿ ਬਾਰੇ ਜਾਨਣ ਦੀ ਇੱਛਾ ਪ੍ਰਗਟਾਈ। ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਇਨ੍ਹਾਂ ਵਸਤਾਂ ਦਾ ਸੰਗ੍ਰਹਿ ਕਰਨ ਲਈ ਕਈ ਸਾਲ ਦਾ ਸਮਾਂ ਲੱਗਾ ਹੈ। ਉਸ ਨੂੰ ਜਿੱਥੇ ਕਿਤੋਂ ਵੀ ਅਜਿਹੀਆਂ ਵਸਤਾਂ ਬਾਰੇ ਪਤਾ ਲੱਗਦਾ ਹੈ, ਉਹ ਉੱਥੇ ਹੀ ਪਹੁੰਚ ਜਾਂਦਾ ਸੀ। ਉਸ ਨੇ ਸਿਰਫ ਇਨ੍ਹਾਂ ਪੁਰਾਤਨ ਵਸਤਾਂ ਨੂੰ ਇਕੱਠਿਆਂ ਹੀ ਨਹੀਂ ਕੀਤਾ, ਸਗੋਂ ਇਨ੍ਹਾਂ ਦੇ ਪਿਛੋਕੜ ਬਾਰੇ ਵੀ ਖੋਜ ਕਰਕੇ ਜਾਣਕਾਰੀ ਇਕੱਠੀ ਕੀਤੀ ਤਾਂ ਜੋ ਅੱਗੋਂ ਹੋਰਨਾਂ ਨੂੰ ਦਸ ਸਕੇ। ਉਸ ਦਾ ਕਹਿਣਾ ਸੀ ਕਿ ਉਹ ਆਪਣਾ ਅਜਾਇਬ ਘਰ ਬਣਾਉਣਾ ਚਾਹੁੰਦਾ ਹੈ, ਜਿੱਥੇ ਅਜਿਹੇ ਪੁਰਾਤਨ ਖਜ਼ਾਨੇ ਨੂੰ ਪ੍ਰਦਰਸ਼ਨ ਕੀਤਾ ਜਾ ਸਕੇ। ਇਸ ਬਾਰੇ ਕਈ ਜਥੇਬੰਦੀਆਂ ਅਤੇ ਸਰਕਾਰੀ ਨੁਮਾਇੰਦਿਆਂ ਨਾਲ ਵੀ ਗੱਲਬਾਤ ਚੱਲੀ ਪਰ ਅਜੇ ਤੱਕ ਗੱਲ ਸਿਰੇ ਬੰਨ੍ਹੇ ਨਹੀਂ ਲੱਗ ਸਕੀ। ਉਨ੍ਹਾਂ ਕਿਹਾ ਕਿ ਅਜਿਹੇ ਖਜ਼ਾਨੇ ਨੂੰ ਸਾਂਭਣਾ ਸਮੇਂ ਦੀ ਲੋੜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੁਰਾਤਨ ਅਮੀਰ ਇਤਿਹਾਸ ਤੋਂ ਜਾਣੂ ਕਰਵਾ ਸਕੀਏ।