ਜਸਬੀਰ ਸ਼ੇਤਰਾ
ਜਗਰਾਉਂ, 20 ਜੂਨ
ਅਨਾਜ ਮੰਡੀ ਜਗਰਾਉਂ ’ਚ ਕਿਸਾਨਾਂ ਨੂੰ ਐੱਮਐੱਸਪੀ ਤੋਂ ਹਜ਼ਾਰਾਂ ਰੁਪਏ ਘੱਟ ਦੇ ਕੇ ਮੂੰਗੀ ਦੀ ਖਰੀਦ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ। ਇੱਥੇ ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਸਬ-ਡਿਵੀਜ਼ਨਲ ਮੈਜਿਸਟਰੇਟ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਮਗਰੋਂ ਮੁੱਖ ਮੰਤਰੀ ਦੇ ਨਾਂ ਭੇਜੇ ਮੰਗ ਪੱਤਰ ’ਚ ਮੂੰਗੀ ਦੀ ਖਰੀਦ ਘੱਟੋ ਘੱਟ ਸਮੱਰਥਨ ਮੁੱਲ ’ਤੇ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਮੂੰਗੀ ’ਤੇ ਐੱਮਐੱਸਪੀ ਦਾ ਐਲਾਨ ਕਰਕੇ ਵਾਹ-ਵਾਹ ਖੱਟ ਲਈ, ਪਰ ਮਾਰਕਫੈੱਡ ਨੂੰ ਸੁਸਾਇਟੀਆਂ ਰਾਹੀਂ ਖਰੀਦ ਕਰਨ ਲਈ ਕਹਿਣ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਤੇ ਨੀਤੀ ’ਚ ਜਾਂ ਤਾਂ ਖੋਟ ਹੈ ਅਤੇ ਜਾਂ ਫਿਰ ਅਫ਼ਸਰਸ਼ਾਹੀ ਮਨਮਰਜ਼ੀ ਕਰਕੇ ਮੂੰਗੀ ਦੀ ਗੁਣਵੱਤਾ ’ਚ ਕਮੀ ਕੱਢ ਕੇ ਬੋਲੀ ਨਹੀਂ ਦਿੰਦੀ। ਇਹੋ ਮੂੰਗੀ ਫਿਰ ਘੱਟ ਭਾਅ ’ਤੇ ਵਪਾਰੀ ਖਰੀਦ ਲੈਂਦੇ ਹਨ। ਉਨ੍ਹਾਂ ਇਸ ਕੰਮ ’ਚ ਮਾਰਕੀਟ ਕਮੇਟੀ ਦੀ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਉੱਚ ਪੱਧਰੀ ਜਾਂਚ ਕਰ ਕੇ ਕਾਰਵਾਈ ਦੀ ਮੰਗ ਕੀਤੀ। ਇਹ ਵੀ ਕਿਹਾ ਕਿ ਹੁਣ ਤੱਕ ਮੂੰਗੀ ਦੀ ਖਰੀਦ ’ਚ ਕਿਸਾਨਾਂ ਦੇ ਲੁੱਟੇ ਪੈਸੇ ਕਿਸਾਨਾਂ ਨੂੰ ਵਾਪਸ ਦੁਆਏ ਜਾਣ। ਕਿਸਾਨਾਂ ਨੂੰ ਪ੍ਰਤੀ ਕੁਇੰਟਲ ਮੂੰਗੀ ’ਚ ਇਕ ਹਜ਼ਾਰ ਤੋਂ ਪੰਦਰਾਂ ਸੌ ਰੁਪਏ ਦਾ ਰਗੜਾ ਲੱਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਮਾਮਲੇ ਵਿੱਚ ਐਕਸ਼ਨ ਨਾ ਲਿਆ ਤਾਂ ਜਥੇਬੰਦੀ ਐੱਸਡੀਐੱਮ ਦਫ਼ਤਰ ਬਾਹਰ ਲਗਾਤਾਰ ਧਰਨਾ ਲਾਉਣ ਲਈ ਮਜਬੂਰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ, ਬਲਾਕ ਪ੍ਰਧਾਨ ਹਰਦੇਵ ਸਿੰਘ ਅਖਾੜਾ, ਗੁਰਚਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ, ਜਿੰਦਰ ਸਿੰਘ ਆਦਿ ਮੌਜੂਦ ਸਨ।
ਸੈਕਟਰੀ ਨੇ ਦੋਸ਼ ਨਕਾਰੇ
ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਨੇ ਕਿਸਾਨ ਜਥੇਬੰਦੀ ਦੇ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਸਰਕਾਰੀ ਮਿਆਰ ’ਤੇ ਖਰੀ ਉੱਤਰਨ ਵਾਲੀ ਚੰਗੀ ਮੂੰਗੀ ਮਿੱਥੇ ਭਾਅ ’ਤੇ ਖਰੀਦੀ ਗਈ ਹੈ ਜਦਕਿ ਬਾਕੀ ਨੂੰ ਵਪਾਰੀਆਂ ਨੇ ਬੋਲੀ ਰਾਹੀਂ ਖਰੀਦਿਆ ਹੈ।