ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਟਰੱਕ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲ ਕੇ ਮੰਗ ਕੀਤੀ ਕਿ ਟਰੱਕਾਂ ਦੀ ਲੁਧਿਆਣਾ ਵਿੱਚ ਹੁੰਦੀ ਪਾਸਿੰਗ ਜਗਰਾਉਂ ’ਚ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਜਗਰਾਉਂ ਵਿੱਚ ਸੈਂਕੜੇ ਟਰੱਕ ਹੋਣ ਤੋਂ ਇਲਾਵਾ ਨਾਲ ਲੱਗਦੇ ਹੋਰ ਕਸਬਿਆਂ ਦੇ ਟਰੱਕ ਆਪਰੇਟਰਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਕੋਲ ਵੀ ਇਹ ਮੰਗ ਰੱਖੀ। ਪ੍ਰਧਾਨ ਅਖਾੜਾ ਨੇ ਦੱਸਿਆ ਕਿ ਵਿਧਾਇਕ ਅਤੇ ਡੀਸੀ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਇਸ ਦਿਸ਼ਾ ਵਿੱਚ ਕੰਮ ਕਰਕੇ ਇਹ ਸਹੂਲਤ ਜਗਰਾਉਂ ਵਿੱਚ ਸ਼ੁਰੂ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਟਰੱਕ ਯੂਨੀਅਨ ਦੇ ਨਵੇਂ ਬਣੇ ਪ੍ਰਧਾਨਤੇ ਕਮੇਟੀ ਮੈਂਬਰਾਂ ਨੇ ਪਹਿਲਾਂ ਤੋਂ ਤੈਅ ਭਾਅ ਵਿੱਚ 25 ਰੁਪਏ ਦਾ ਵਾਧਾ ਕਰਵਾ ਕੇ ਟਰੱਕ ਆਪਰੇਟਰਾਂ ਨੂੰ ਅੱਜ ਇਕ ਹੋਰ ਆਰਥਿਕ ਲਾਹਾ ਦੁਆਇਆ। ਉਨ੍ਹਾਂ ਦੱਸਿਆ ਕਿ ਸਮੁੱਚੀਆਂ ਮੰਡੀਆਂ ਦੇ ਪਹਿਲਾਂ ਹੀ ਟਰੱਕ ਯੂਨੀਅਨ ਨਾਲ ਰੇਟ ਤੈਅ ਹੋਏ ਹਨ ਪਰ ਅੱਜ ਆਪਰੇਟਰਾਂ ਨੇ 25 ਰੁਪਏ ਪ੍ਰਤੀ ਗੇੜੇ ਦਾ ਵਾਧਾ ਕਰਵਾਇਆ ਹੈ।