ਪੱਤਰ ਪ੍ਰੇਰਕ
ਅਬੋਹਰ, 15 ਮਈ
ਸ਼੍ੋਮਣੀ ਅਕਾਲੀ ਦਲ ਹਲਕਾ ਅਬੋਹਰ ਦੇ ਇੰਚਾਰਜ ਹਰਬਿੰਦਰ ਸਿੰਘ ਹੈਰੀ ਦੀ ਅਗਵਾਈ ਹੇਠ ਅਤੇ ਪਾਰਟੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਅਬੋਹਰ ਦੇ ਵਾਰਡ ਨੰਬਰ 22 ਨਿਵਾਸੀ ਅਤੇ ਕਾਂਗਰਸੀ ਵਰਕਰ ਸੁਰੇਸ਼ ਕੁਮਾਰ ਚਾਵਲਾ ਪੁੱਤਰ ਮਰਹੂਮ ਬਾਬੂ ਰਾਮ ਚਾਵਲਾ (ਸਾਬਕਾ ਕਾਂਗਰਸੀ ਮੰਤਰੀ ਪੰਜਾਬ) ਨੇ ਆਪਣੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਹਰਬਿੰਦਰ ਸਿੰਘ ਹੈਰੀ ਨੇ ਸੁਰੇਸ਼ ਕੁਮਾਰ ਚਾਵਲਾ ਨੂੰ ਪਰਿਵਾਰ ਅਤੇ ਦੋਸਤਾਂ ਮਨਜੀਤ ਚਾਵਲਾ, ਮੋਨੂ ਚਾਵਲਾ, ਕਪਿਲ ਸੈਣੀ, ਸੁਭਾਸ਼ ਕੁਮਾਰ, ਪਵਨ ਕੁਮਾਰ ਅਤੇ ਹੈਪੀ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਸਨਮਾਨ ਮਿਲੇਗਾ। ਸ੍ਰੀ ਹੈਰੀ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਈ ਹੈ, ਭ੍ਰਿਸ਼ਟਾਚਾਰ, ਅੱਤਿਆਚਾਰ ਅਤੇ ਗੁੰਡਾਗਰਦੀ ਵਧੀ ਹੈ ਜਿਸ ਕਾਰਨ ਲੋਕ ਇਸ ਸਰਕਾਰ ਤੋਂ ਨਾਰਾਜ਼ ਹਨ। ਅਬੋਹਰ ਵਿੱਚ ਵੀ ਕਾਨੂੰਨ ਵਿਵਸਥਾ ਫਲਾਪ ਸਾਬਤ ਹੋ ਰਹੀ ਹੈ। ਹਰ ਰੋਜ਼ ਲੋਕਾਂ ਦੇ ਘਰੋਂ ਮੋਟਰਸਾਈਕਲ ਚੋਰੀ ਹੋ ਰਹੇ ਹਨ, ਗਲੇ ਚੋਂ ਸੋਨ ਦੀਆਂ ਚੇਨਾਂ ਅਤੇ ਕੰਨਾਂ ਦੀਆਂ ਵਾਲੀਆਂ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਰੁਝਾਨ ਵਧਿਆ ਹੈ, ਉਸ ਤੋਂ ਲੱਗਦਾ ਹੈ ਕਿ ਇਸ ਵਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਅਨਿਲ ਕੁਮਾਰ ਡੱਬੂ, ਜਸਪਿੰਦਰ ਸਿੰਘ ਜੱਸੀ ਕੋਠੀ ਫੈਜ਼, ਸ਼ਿਵ ਇੰਦੌਰਾ ਬਾਲ ਕ੍ਰਿਸ਼ਨ, ਸੀਤਾ ਰਾਮ, ਅਮਨਦੀਪ ਸਿੰਘ ਬਾਬਾ ਤੇ ਮੋਨੂ ਕੁਮਾਰ ਆਦਿ ਹਾਜ਼ਰ ਸਨ।