ਦੇਵਿੰਦਰ ਸਿੰਘ ਜੱਗੀ
ਪਾਇਲ, 1 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਬਲਾਕ ਮਲੌਦ ਦੀ ਮੰਡੀ ਸਿਆੜ ਦਾ ਨਿਰੀਖਣ ਕੀਤਾ ਗਿਆ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲਵੰਤ ਸਿੰਘ ਘੁਡਾਣੀ ਨੇ ਦੱਸਿਆ ਕਿ ਝੋਨੇ ਦੀ ਲੇਟ ਲਵਾਈ ਕਾਰਨ ਫ਼ਸਲ ਵਿੱਚ ਨਮੀਂ ਦੀ ਮਾਤਰਾ ਵਧ ਆ ਰਹੀ ਹੈ, ਝੋਨੇ ਦੀ ਖ਼ਰੀਦ ਲਈ 17 ਪ੍ਰਤੀਸ਼ਤ ਸ਼ਰਤ ਨੂੰ ਰੱਦ ਕਰ ਕੇ ਘੱਟੋ-ਘੱਟ 22 ਪ੍ਰਤੀਸ਼ਤ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪੂਸਾ ਝੋਨੇ ਦੀ ਲੇਟ ਲਵਾਈ ਅਤੇ ਮੌਸਮ ਵਿੱਚ ਆਈ ਯਕਦਮ ਠੰਢ ਕਾਰਨ ਝੋਨਾ ਪੱਕ ਨਹੀਂ ਰਿਹਾ। ਇਸ ਲਈ ਖ਼ਰੀਦ ਮਾਪਦੰਡਾਂ ਵਿੱਚ ਲਚਕ ਹਰ ਹਾਲਤ ਵਿੱਚ ਲਿਆਉਣੀ ਪਵੇਗੀ।
ਆਗੂਆਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਨਮੀ ਮਾਪਣ ਵਾਲੇ ਯੰਤਰ ਅਤੇ ਸ਼ੈੱਲਰ ਮਾਲਕਾਂ ਦੇ ਮੀਟਰ ਵਿੱਚ ਵੱਡਾ ਅੰਤਰ ਹੈ, ਸ਼ੈੱਲਰ ਮਾਲਕਾਂ ਦੇ ਮੀਟਰ ਮਾਰਕੀਟ ਕਮੇਟੀ ਦੇ ਮੀਟਰ ਨਾਲੋਂ ਤਿੰਨ ਚਾਰ ਪੁਆਇੰਟ ਜ਼ਿਆਦਾ ਨਮੀਂ ਦੱਸ ਰਹੇ ਹਨ, ਇਸ ਲਈ ਖ਼ਰੀਦ ਮਾਰਕੀਟ ਕਮੇਟੀ ਦੇ ਮੀਟਰ ਮੁਤਾਬਕ ਕੀਤੀ ਜਾਵੇ।
ਅੱਜ ਦੇ ਮੰਡੀ ਨਿਰੀਖਣ ਮੌਕੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਮੋਨੀ ਕਲਾਹੜ, ਬਲਾਕ ਕੋ ਕਨਵੀਨਰ ਬਲਦੇਵ ਸਿੰਘ ਜੀਰਖ, ਦੇਵਿੰਦਰ ਸਿੰਘ ਘਲੋਟੀ, ਹਰਜੀਤ ਸਿੰਘ, ਇਕਾਈ ਪ੍ਰਧਾਨ ਭਜਨ ਸਿੰਘ ਸਿਆੜ, ਨਾਜਰ,ਸਿੰਘ, ਪ੍ਰਗਟ ਸਿੰਘ, ਜਗਤਾਰ ਸਿੰਘ, ਕੁਲਬੀਰ ਸਿੰਘ, ਅਤੇ ਭਜਨ ਸਿੰਘ ਸਿਆੜ ਵੀ ਹਾਜ਼ਰ ਸਨ।