ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਗਸਤ
ਟਿੱਬਾ ਰੋਡ ਦੇ ਇਲਾਕੇ ’ਚ ਇੱਕ ਝੋਲਾਛਾਪ ਔਰਤ ਨੇ ਗਰਭਵਤੀ ਔਰਤ ਦੀ ਆਪਣੇ ਘਰ ’ਤੇ ਹੀ ਡਲਿਵਰੀ ਕਰ ਦਿੱਤੀ। ਜਿਸ ਨਾਲ ਔਰਤ ਤੇ ਉਸਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇੰਨੀ ਵੱਡੀ ਲਾਪ੍ਰਵਾਹੀ ਦੀ ਗੱਲ ਜਦੋਂ ਥਾਣਾ ਟਿੱਬਾ ਪੁਲੀਸ ਨੂੰ ਪਤਾ ਲੱਗੀ ਤਾਂ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਜਿੱਥੇ ਮ੍ਰਿਤਕ ਦੀ ਪਛਾਣ ਸਿਮਰਨ ਵਜੋਂ ਹੋਈ ਹੈ। ਪੁਲੀਸ ਨੇ ਔਰਤ ’ਤੇ ਕਾਰਵਾਈ ਦੀ ਬਜਾਏ ਦੋਹਾਂ ਪੱਖਾਂ ਦਾ ਸਮਝੌਤਾ ਕਰਵਾ ਦਿੱਤਾ। ਸੋਮਵਾਰ ਨੂੰ ਸਿਵਲ ਹਸਪਤਾਲ ’ਚ ਔਰਤ ਦਾ ਪੋਸਟਮਾਰਟਮ ਹੋਇਆ,ਜਿੱਥੇ ਡਾ. ਮੇਨਿਕਾ, ਡਾ. ਅਤਿਸ਼ ਤੇ ਡਾ. ਜਗਦੀਪ ’ਤੇ ਆਧਾਰਤ ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਰਮਾਰਟਮ ਕੀਤਾ।
ਜਾਣਕਾਰੀ ਅਨੁਸਾਰ ਸਿਮਰਨ ਦਾ ਵਿਆਹ ਟਿੱਬਾ ਰੋਡ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋਇਆ ਸੀ। ਸਿਮਰਨ ਦੀ ਡਲਿਵਰੀ ਦਾ ਸਮਾਂ ਸੀ। ਪਰਿਵਾਰ ਨੇੜੇ ਹੀ ਰਹਿਣ ਵਾਲੀ ਇੱਕ ਔਰਤ ਨਰਸ ਤੋਂ ਉਸਦਾ ਚੈਕਅੱਪ ਕਰਵਾ ਰਿਹਾ ਸੀ। ਉਸ ਨਰਸ ਨੇ ਆਪਣੇ ਘਰ ’ਚ ਹੀ ਨਰਸਿੰਗ ਹੋਮ ਖੋਲ੍ਹ ਰੱਖਿਆ ਹੈ। ਜਦੋਂ ਕਿ ਖੁਦ ਇੱਕ ਨਰਸਿੰਗ ਹੋਮ ’ਚ ਕੰਮ ਕਰਦੀ ਹੈ, ਜਿੱਥੇ ਔਰਤ ਝੋਲਾਛਾਪ ਨੇ ਸਿਮਰਨ ਦੀ ਡਲਿਵਰੀ ਘਰ ’ਚ ਹੀ ਸ਼ੁਰੂ ਕਰ ਦਿੱਤੀ। ਡਲਿਵਰੀ ਦੌਰਾਨ ਨਵਜੰਮੇ ਦੀ ਮੌਤ ਹੋ ਗਈ, ਜਦੋਂ ਕਿ ਕੁਝ ਸਮੇਂ ਬਾਅਦ ਹਾਲਾਤ ਵਿਗੜਨ ਨਾਲ ਸਿਮਰਨ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਕੋਲ ਨਾ ਕੋਈ ਡਿਗਰੀ ਹੈ, ਨਾ ਹੀ ਕੋਈ ਲਾਇਸੈਂਸ। ਫਿਰ ਵੀ ਪੁਲੀਸ ਨੇ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਧਰ, ਜਦੋਂ ਇਸ ਬਾਰੇ ’ਚ ਥਾਣਾ ਟਿੱਬਾ ਦੇ ਜਾਂਚ ਅਧਿਕਾਰੀ ਸੁਖਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਪਰਿਵਾਰ ਨੇ ਸਮਝੌਤਾ ਕਰ ਲਿਆ ਹੈ। ਉਧਰ, ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਨਹੀਂ ਸੀ। ਹੁਣ ਮੇਰੇ ਧਿਆਨ ’ਚ ਹੈ, ਸੰਬੰਧਤ ਵਿਭਾਗ ਨੂੰ ਕਹਿ ਕੇ ਇਸਨੂੰ ਚੈਕ ਕਰਵਾਇਆ ਜਾਵੇਗਾ ਤੇ ਘਰ ’ਚ ਡਲਿਵਰੀ ਕਰਨ ਵਾਲੀ ਔਰਤ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਰਸ ਖ਼ਿਲਾਫ਼ ਹੋਵੇਗੀ ਕਾਰਵਾਈ: ਸਿਵਲ ਸਰਜਨ
ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਨਹੀਂ ਸੀ। ਹੁਣ ਮੇਰੇ ਧਿਆਨ ’ਚ ਹੈ, ਸੰਬੰਧਤ ਵਿਭਾਗ ਨੂੰ ਕਹਿ ਕੇ ਇਸਨੂੰ ਚੈਕ ਕਰਵਾਇਆ ਜਾਵੇਗਾ ਤੇ ਘਰ ’ਚ ਡਲਿਵਰੀ ਕਰਨ ਵਾਲੀ ਔਰਤ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।