ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਅਪਰੈਲ
ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ‘ਮੇਰੀ ਕਲਮ-ਮੇਰੀ ਤਾਕਤ’ ਪਹਿਲਕਦਮੀ ਤਹਿਤ ਵੱਖ-ਵੱਖ ਅਨਾਥ ਆਸ਼ਰਮਾਂ, ਝੁੱਗੀਆਂ ਆਦਿ ਵਿੱਚ ਰਹਿੰਦੇ ਲੋੜਵੰਦ ਬੱਚਿਆਂ ਨੂੰ ਲਗਪੱਗ ਇੱਕ ਲੱਖ ਪੈਨਸਿਲਾਂ ਵੰਡੀਆਂ ਗਈਆਂ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਰੈੱਡ ਕਰਾਸ ਬਾਲ ਭਵਨ ਸਰਾਭਾ ਨਗਰ ਤੋਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੱਖ-ਵੱਖ ਅਨਾਥ ਆਸ਼ਰਮਾਂ ਅਤੇ ਝੁੱਗੀਆਂ-ਝੌਪੜੀਆਂ ਦਾ ਦੌਰਾ ਕੀਤਾ। ਜਿੱਥੇ ਵਸਦੇ ਲੋੜਵੰਦ ਬੱਚਿਆਂ ਨੂੰ ਇਹ ਪੈਨਸਿਲਾਂ ਵੰਡੀਆਂ ਗਈਆਂ। ਸੁਰਭੀ ਮਲਿਕ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ ਦੇ ਇਸ ਅਹਿਮ ਵਿਚਾਰ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਨੇਕ ਕਾਰਜ ਲਈ ਦਾਨ ਦੇਣ ਲਈ ਉੱਘੇ ਪੰਜਾਬੀ ਕਵੀ ਪ੍ਰੋਫੈਸਰ ਗੁਰਭਜਨ ਗਿੱਲ, ਜਗਦੀਸ਼ ਪਾਲ ਸਿੰਘ ਗਰੇਵਾਲ, ਸਰਪੰਚ ਪਿੰਡ ਦਾਦ ਅਤੇ ਹੋਰ ਦਾਨੀ ਸੱਜਣਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਉਨ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਦੱਸ ਦਈਏ ਕਿ 26 ਅਪਰੈਲ ਨੂੰ ‘ਵੇਸਟ ਵੈਲਥ – ਗਿਵ ਐਂਡ ਟੇਕ’ ਸਲੋਗਨ ਹੇਠ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਦੇ ਦਰਵਾਜ਼ੇ ਦੇ ਬਾਹਰ ਇੱਕ ਡੋਨੇਸ਼ਨ ਕਾਰਨਰ ਸਥਾਪਤ ਕੀਤਾ ਗਿਆ ਸੀ। ਇਸ ਡੋਨੇਸ਼ਨ ਕਾਰਨਰ ਵਿੱਚ ਸ਼ਹਿਰ ਵਾਸੀ ਲੋੜਵੰਦ ਬੱਚਿਆਂ ਲਈ ਸਟੇਸ਼ਨਰੀ ਸਾਮਾਨ ਅਤੇ ਖਿਡੌਣੇ ਦਾਨ ਕਰ ਸਕਦੇ ਹਨ, ਜੋ ਅੱਗੇ ਜ਼ਰੂਰਤਮੰਦ ਬੱਚਿਆਂ ਨੂੰ ਵੰਡੇ ਜਾਣਗੇ।