ਲੁਧਿਆਣਾ: ਕੇਸੀਡਬਲਿਊ ਦੇ ਰੈੱਡ ਰੀਬਨ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਦੇ ਪੁਰਾਤਨ ਅਤੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਉਣ ਹਿੱਤ ਕਈ ਗਤੀਵਿਧੀਆਂ ਕਰਵਾਈਆਂ। ਇਸ ਵਿੱਚ ਵਿਦਿਆਰਥਣਾਂ ਨੇ ਢਾਈ ਘੰਟੇ ਦੇ ਸਮੇਂ ਵਿੱਚ ਮਿੱਟੀ ਦੇ ਖਿਡੌਣੇ, ਟੋਕਰੀ, ਨਾਲਾ, ਪਰਾਂਦਾ, ਛਿੱਕੂ, ਇੰਨੂ, ਖਿੱਦੋ, ਗੁੱਡੀਆਂ-ਪਟੋਲੇ, ਪੀੜ੍ਹੀ ਅਤੇ ਚਾਰਟ ਆਦਿ ਤਿਆਰ ਕੀਤੇ। ਕਾਲਜ ਦੇ ਆਰਟ ਐਂਡ ਕਰਾਫਟ ਵਿਭਾਗ ਦੀ ਇੰਚਾਰਜ ਨਰਿੰਦਰਜੀਤ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਕਰਵਾਈਆਂ ਗਈਆਂ ਹਨ। ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੇ ਨੋਡਲ ਅਫਸਰ ਸ਼ੀਤਲ ਸੋਈ ਅਤੇ ਰੈੱਡ ਰੀਬਨ ਕਲੱਬ ਦੇ ਮੈਂਬਰਾਂ ਦਾ ਇਸ ਮਹੱਤਵਪੂਰਨ ਵਿਸ਼ੇ ’ਤੇ ਗਤੀਵਿਧੀਆਂ ਕਰਵਾਉਣ ’ਤੇ ਮੁਬਾਰਕ ਦਿੱਤੀ। -ਖੇਤਰੀ ਪ੍ਰਤੀਨਿਧ