ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 11 ਅਪਰੈਲ
ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਅਨਾਜ ਮੰਡੀ ਸੁਧਾਰ ਅਤੇ ਪੱਖੋਵਾਲ ਵਿਚ ਕਣਕ ਦੀ ਸਰਕਾਰੀ ਖ਼ਰੀਦ ਰਸਮੀ ਤੌਰ ’ਤੇ ਸ਼ੁਰੂ ਕਰਵਾਈ। ਮੰਡੀ ਅੰਦਰ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਵਿਧਾਇਕ ਨੇ ਕਿਹਾ ਕਿ ਕਣਕ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਸਰਕਾਰ ਵਚਨਬੱਧ ਹੈ ਅਤੇ ਖ਼ਰੀਦ ਸਬੰਧੀ ਮੁਸ਼ਕਲ ਆਉਣ ’ਤੇ ਹਲਕਾ ਰਾਏਕੋਟ ਦੀਆਂ ਮੰਡੀਆਂ ਦਾ ਕੋਈ ਵੀ ਕਿਸਾਨ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਸੁਧਾਰ ਦੀ ਅਨਾਜ ਮੰਡੀ ਵਿਚ ਖ਼ਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ ਸੁਧਾਰ ਮੰਡੀ ਵਿਚੋਂ 3160 ਮੀਟਰਿਕ ਟਨ ਅਨਾਜ ਖ਼ਰੀਦਣ ਦਾ ਟੀਚਾ ਹੈ ਅਤੇ ਬਾਰਦਾਨੇ ਸਮੇਤ ਸਮੁੱਚੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ। ਮਾਰਕੀਟ ਕਮੇਟੀ ਮੁੱਲਾਂਪੁਰ ਦੇ ਮੰਡੀ ਸੁਪਰਵਾਈਜ਼ਰ ਜਸਵੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਲਈ ਮੰਡੀ ਅੰਦਰ ਛਾਂ, ਪਾਣੀ ਅਤੇ ਬਿਜਲੀ ਦਾ ਪੂਰਾ ਪ੍ਰਬੰਧ ਹੈ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਰਮੇਸ਼ ਕੁਮਾਰ ਜੈਨ, ਸਰਪੰਚ ਨਿਰਮਲ ਸਿੰਘ ਗੋਪੀ ਰਾਜੋਆਣਾ ਕਲਾਂ, ਪ੍ਰਧਾਨ ਹਰਸ਼ ਜੈਨ ਹਾਜ਼ਰ ਸਨ।
ਸਿੱਧੂ ਵੱਲੋਂ ਕਿਸਾਨਾਂ ਦੀ ਰੋਟੀ-ਪਾਣੀ ਦਾ ਪ੍ਰਬੰਧ ਕਰਨ ਦਾ ਐਲਾਨ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਲੁਧਿਆਣਾ ’ਚ ਕਿਸਾਨਾਂ ਸਣੇ ਕਣਕ ਦੀ ਖਰੀਦ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਇਹ ਗੱਲ ਹਲਕਾ ਆਤਮ ਨਗਰ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਥਾਨਕ ਗਿੱਲ ਰੋਡ ਨੇੜੇ ਅਰੋੜਾ ਪੈਲੇਸ ਦੀ ਕਣਕ ਮੰਡੀ ਵਿੱਚ ਕਣਕ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਆਖੀ। ਇਸ ਮੌਕੇ ਮੰਡੀ ਬੋਰਡ ਦੇ ਸਕੱਤਰ ਤੇਗ ਬਹਾਦੁਰ ਵੀ ਹਾਜ਼ਰ ਸਨ ਜਿਨ੍ਹਾਂ ਵਿਧਾਇਕ ਸਿੱਧੂ ਨੂੰ ਖਰੀਦ ਦੇ ਪੁਖਤਾ ਅਤੇ ਮੁਕੰਮਲ ਪ੍ਰਬੰਧ ਕੀਤੇ ਹੋਣ ਬਾਰੇ ਜਾਣੂੰ ਕਰਵਾਇਆ। ਵਿਧਾਇਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਬਿਲਕੁਲ ਦਾਣਾ ਮੰਡੀ ਵਿੱਚ ਸਥਿਤ ਹੈ ਅਤੇ ਅੰਨਦਾਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਥੋੜ੍ਹੀ ਪਛੜ ਕੇ ਆਈ ਹੈ ਤੇ ਝਾੜ ਵੀ ਘੱਟ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਮੰਡੀ ਵਿੱਚ ਫਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਦੀ ਰੋਟੀ-ਪਾਣੀ ਦਾ ਪ੍ਰਬੰਧ ਉਨ੍ਹਾਂ ਵੱਲੋ ਨਿੱਜੀ ਤੌਰ ’ਤੇ ਕੀਤਾ ਜਾਵੇਗਾ।